Dr.Gurtej Singh

ਗ਼ੈਰ ਸੰਗਠਿਤ ਪੇਂਡੂ ਮਜ਼ਦੂਰਾਂ ਦੀ ਨਿੱਘਰਦੀ ਦਸ਼ਾ - ਡਾ. ਗੁਰਤੇਜ ਸਿੰਘ

ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨਾਂ ਦੀ ਵਾਪਸੀ ਹਿਤ ਕਿਸਾਨਾਂ ਨੇ ਦਿੱਲੀ ਵਿੱਚ ਲੰਮਾ ਸੰਘਰਸ਼ ਕੀਤਾ ਸੀ ਜਿਸ ਵਿੱਚ ਮਜ਼ਦੂਰਾਂ ਅਤੇ ਸਮਾਜ ਸੇ ਹੋਰਨਾਂ ਵਰਗਾਂ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ ਸੀ। ਖੇਤ ਮਜ਼ਦੂਰਾਂ ਦੀ ਸ਼ਮੂਲੀਅਤ ਨੇ ਕਿਸਾਨ-ਮਜ਼ਦੂਰ ਏਕਤਾ ਦੇ ਨਾਅਰੇ ਮੁਲਕ ਦੀ ਫ਼ਿਜ਼ਾ 'ਚ ਗੂੰਜਣ ਲਗਾ ਦਿੱਤੇ ਸਨ। ਕਿਸਾਨੀ ਸੰਘਰਸ਼ ਅਜੇ ਚੱਲ ਹੀ ਰਿਹਾ ਸੀ ਕਿ ਪਿੰਡਾਂ ਵਿੱਚ ਝੋਨੇ ਦੀ ਲਵਾਈ ਨੂੰ ਲੈ ਕੇ ਫਿਰ ਮਤੇ ਪੈਣੇ ਸ਼ੁਰੂ ਹੋ ਗਏ ਸਨ ਜਿਸ ਨੇ ਮਜ਼ਦੂਰਾਂ ਦੇ ਭਰੋਸੇ ਨੂੰ ਤਾਰ-ਤਾਰ ਕਰਨ ਵਿੱਚ ਕੋਈ ਕਸਰ ਨਹੀ ਛੱਡੀ ਸੀ, ਕਿਸਾਨ ਏਕਤਾ ਅੱਗੇ ਉਹ ਫਿਰ ਬੇਵੱਸ ਹੋ ਗਏ ਸਨ। ਜੋ ਮਜ਼ਦੂਰ ਤਬਕਾ ਕਿਸਾਨੀ ਸੰਘਰਸ਼ ਵਿੱਚ ਆਪਣਾ ਖੂਨ ਡੋਲਣ ਲਈ ਤਤਪਰ ਸੀ ਆਖ਼ਰ ਉਨ੍ਹਾਂ ਇਹ ਕਹਿ ਕੇ ਸਬਰ ਕਰ ਲਿਆ ਕਿ ਇਨ੍ਹਾਂ ਦੀ (ਜੱਟ) ਤਾਂ ਪੰਡ ਨਾਲ ਲਿਹਾਜ਼ ਹੈ। ਬਹੁਤ ਘੱਟ ਕਿਸਾਨ ਆਗੂਆਂ ਨੇ ਇਸ ਮਸਲੇ 'ਤੇ ਚੁੱਪੀ ਤੋੜੀ ਸੀ। ਇਸ ਵਰਤਾਰੇ ਦਾ ਕੁਝ ਮਜ਼ਦੂਰ ਜਥੇਬੰਦੀਆਂ ਦੇ ਨਾਲ ਸੋਸ਼ਲ ਗਰੁੱਪਾਂ ਨੇ ਨੋਟਿਸ ਲਿਆ ਸੀ ਕਿ ਜੋ ਲੋਕ ਇਨ੍ਹਾਂ ਦੀ ਬਣਦੀ ਮਜ਼ਦੂਰੀ ਦੇਣ ਤੋਂ ਕਤਰਾਅ ਰਹੇ ਹਨ ਉਹ ਸਾਰਾ ਦਿਨ ਤਿੱਖੀ ਧੁੱਪ 'ਚ ਸਾਰਾ ਦਿਨ ਸਿਰਫ ਝੁਕ ਕੇ ਖੜ੍ਹਨ ਦੀ ਖੇਚਲ ਤਾਂ ਕਰਨ ਪਤਾ ਲੱਗ ਜਾਵੇਗਾ ਮਜ਼ਦੂਰਾਂ ਦੀ ਮੰਗ ਜਾਇਜ਼ ਹੈ ਜਾਂ ਉਹ ਮਨਘੜਤ ਗੱਲਾਂ ਕਰਦੇ ਹਨ। ਗ਼ੈਰ ਸੰਗਠਿਤ ਮਜ਼ਦੂਰ ਅੱਜ ਵੀ ਸਰੀਰਕ, ਮਾਨਸਿਕ ਤੌਰ 'ਤੇ ਲਤਾੜੇ ਜਾ ਰਹੇ ਹਨ। ਜਾਤੀ ਸੂਚਕ ਗਾਲ੍ਹਾਂ ਦਾ ਕੋਈ ਅੰਤ ਨਹੀ, ਖੇਤਾਂ 'ਚ ਮਜ਼ਦੂਰ ਔਰਤਾਂ ਨਾਲ ਬਦਸਲੂਕੀ ਜੱਗ ਜ਼ਾਹਿਰ ਹੈ।
       ਦੇਸ਼ ਦੀ ਇੱਕ ਤਿਹਾਈ ਜਨਸੰਖਿਆ ਪਿੰਡਾਂ 'ਚ ਨਿਵਾਸ ਕਰਦੀ ਹੈ ਅਤੇ 60 ਫ਼ੀਸਦੀ ਆਬਾਦੀ ਖੇਤੀਬਾੜੀ 'ਤੇ ਨਿਰਭਰ ਹੈ। ਖੇਤੀਬਾੜੀ ਵਿਕਾਸ ਦਰ ਅਜੋਕੇ ਸਮੇ ਅੰਦਰ 4.8 ਫ਼ੀਸਦੀ ਤੋਂ ਘਟ ਕੇ 1.5 ਪ੍ਰਤੀਸ਼ਤ ਰਹਿ ਗਈ ਹੈ ਅਤੇ ਜੀਡੀਪੀ ਵਿੱਚ ਯੋਗਦਾਨ 11 ਫ਼ੀਸਦੀ ਤੋਂ ਵੀ ਘਟ ਗਿਆ ਹੈ। ਇਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਵਿੱਚ ਕਿਸਾਨਾਂ ਅਤੇ ਪੇਂਡੂ ਖੇਤ ਮਜ਼ਦੂਰਾਂ ਦੀ ਹਾਲਤ ਕਿਹੋ ਜਿਹੀ ਹੋਵੇਗੀ। ਲੋਕ ਵਿਰੋਧੀ ਨੀਤੀਆਂ, ਗ਼ਰੀਬੀ ਅਤੇ ਬੀਮਾਰੀਆਂ ਦੀ ਮਾਰ ਨੇ ਲੋਕਾਂ ਦੇ ਨਾਲ ਗ਼ੈਰ ਸੰਗਠਿਤ ਮਜ਼ਦੂਰਾਂ ਦਾ ਜੀਵਨ ਦੁੱਭਰ ਕੀਤਾ ਹੋਇਆ ਹੈ। ਕਿਤਾਬੀ ਗਿਆਨ ਅਤੇ ਹੋਰ ਕਿੱਤਿਆਂ ਦੀ ਸਿਖਲਾਈ ਤੋਂ ਸੱਖਣੇ ਇਹ ਮਜ਼ਦੂਰ ਪਿੰਡਾਂ 'ਚ ਜ਼ਿਮੀਦਾਰਾਂ ਦੀ ਜ਼ਮੀਨ 'ਤੇ ਮਜ਼ਦੂਰੀ ਕਰਨ ਜੋਗੇ ਹਨ। ਬਹੁਤ ਘੱਟ ਉਜ਼ਰਤਾਂ 'ਤੇ 12-18 ਘੰਟੇ ਰੋਜ਼ਾਨਾ ਸਖ਼ਤ ਮੁਸ਼ੱਕਤ ਵਾਲਾ ਕੰਮ ਕਰਨਾ ਪੈਦਾ ਹੈ। ਲੇਬਰ ਕਾਨੂੰਨ ਅਨੁਸਾਰ ਕੰਮ ਦੇ ਅੱਠ ਘੰਟੇ ਨਿਯਤ ਕੀਤੇ ਗਏ ਹਨ ਪਰ ਇਨ੍ਹਾਂ ਲਈ ਕੋਈ ਕਾਨੂੰਨ ਨਹੀਂ ਹੈ ਅਤੇ ਦਿਨ-ਰਾਤ ਪਸ਼ੂਆਂ ਦੀ ਤਰਾਂ ਕੰਮ ਲਿਆ ਜਾਂਦਾ ਹੈ ਜਿਸ ਕਾਰਨ ਇਨ੍ਹਾਂ ਦਾ ਸਮਾਜਿਕ ਜੀਵਨ ਬਹੁਤ ਪ੍ਰਭਾਵਿਤ ਹੁੰਦਾ ਹੈ। ਬਾਹਰੀ ਦੁਨੀਆਂ ਦੀ ਸੋਝੀ ਤੋਂ ਇਹ ਕੋਰੇ ਰਹਿ ਜਾਂਦੇ ਹਨ ਤੇ ਕੋਹਲੂ ਦੇ ਬੈਲ ਬਣ ਕੇ ਉਸੇ ਚੱਕਰ 'ਚ ਘੁੰਮਦੇ ਆਖ਼ਰ ਦੁਨੀਆਂ ਤੋਂ ਰੁਖ਼ਸਤ ਹੋ ਜਾਂਦੇ ਹਨ। ਕਰਜ਼ੇ ਦੀ ਮਾਰ, ਗ਼ੁਰਬਤ ਅਤੇ ਕਈ ਸਮਾਜਿਕ ਕਾਰਨਾਂ ਕਰਕੇ ਇਹ ਸ਼ੋਸ਼ਿਤ ਹੋਣ ਲਈ ਮਜਬੂਰ ਹਨ। ਇਹ ਕੌੜਾ ਸੱਚ ਹੈ ਕਿ ਅਜੋਕੇ ਅਗਾਂਹਵਧੂ ਯੁੱਗ 'ਚ ਇਨ੍ਹਾਂ ਮਜ਼ਦੂਰਾਂ ਨਾਲ ਛੂਤਛਾਤ ਦਾ ਵਿਤਕਰਾ ਆਮ ਕੀਤਾ ਜਾਂਦਾ ਹੈ ਤੇ ਕਾਫੀ ਜਗ੍ਹਾ ਖਾਣੇ ਦੀ ਗੁਣਵੱਤਾ ਅੱਤ ਦਰਜੇ ਦੀ ਮਾੜੀ ਪਾਈ ਗਈ ਹੈ ਜੋ ਜਾਨਵਰਾਂ ਦੇ ਵੀ ਖਾਣ ਦੇ ਲਾਇਕ ਨਹੀਂ ਸੀ, ਜਿਸ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ। 90 ਫ਼ੀਸਦੀ ਮਜ਼ਦੂਰਾਂ ਨੇ ਇਸ ਸੱਚ ਨੂੰ ਕਬੂਲਿਆ ਹੈ ਕਿ ਅੱਜ ਵੀ ਉਨ੍ਹਾਂ ਦੇ ਮਾਲਕ ਜਾਂ ਅਖੌਤੀ ਉੱਚੀ ਜਾਤ ਦੇ ਲੋਕ ਉਨ੍ਹਾਂ ਨੂੰ ਜਾਤੀ ਸੂਚਕ ਜਾਂ ਹੋਰ ਘਟੀਆ ਸ਼ਬਦਾਂ ਨਾਲ ਸੰਬੋਧਨ ਕਰਦੇ ਹਨ।
      ਸੰਗਰੂਰ ਜ਼ਿਲ੍ਹੇ ਦੇ ਪਿੰਡ ਬੌਪਰ ਵਿੱਚ ਇੱਕ ਦਲਿਤ ਔਰਤ ਨੂੰ ਜ਼ਿਮੀਦਾਰਾਂ ਨੇ ਖੇਤ ਵਿੱਚੋਂ ਕੱਖ ਖੋਤਣ 'ਤੇ ਮਾਰ ਕੁਟਾਈ ਕੀਤੀ ਸੀ ਜਿਸ ਕਰਕੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਸੀ। ਦਰਅਸਲ ਪਿੰਡ ਦੀ ਸ਼ਾਮਲਾਟ ਜ਼ਮੀਨ 'ਤੇ ਦਲਿਤਾਂ ਵੱਲੋਂ ਕਾਸ਼ਤ ਕਰਨ ਨੂੰ ਲੈ ਕੇ ਪਿਛਲੇ ਸਮੇ ਦੌਰਾਨ ਇੱਥੇ ਹੰਗਾਮਾ ਹੋਇਆ ਸੀ ਜਿਸ ਕਾਰਨ ਜ਼ਿਮੀਦਾਰ ਇਨ੍ਹਾਂ ਨਾਲ ਰੰਜਿਸ਼ ਰੱਖਣ ਲੱਗ ਪਏ ਸਨ। ਬਾਲਦ ਕਲਾਂ ਦਾ ਖੂਨੀ ਟਕਰਾਅ ਜਾਤੀਵਾਦ ਤੋਂ ਹੀ ਪ੍ਰੇਰਿਤ ਸੀ। ਪਿੰਡ ਦੀ ਸ਼ਾਮਲਾਟ ਜ਼ਮੀਨ ਠੇਕੇ 'ਤੇ ਲੈ ਕੇ ਉਸ ਉੱਪਰ ਕਾਸ਼ਤ ਕਰਨ ਨੂੰ ਲੈ ਕੇ ਦਲਿਤਾਂ ਅਤੇ ਜ਼ਿਮੀਦਾਰਾਂ 'ਚ ਖੂਨੀ ਟਕਰਾਅ ਦੀ ਨੌਬਤ ਆ ਗਈ ਸੀ। ਉਨ੍ਹਾਂ ਅਖੌਤੀ ਉੱਚੇ ਲੋਕਾਂ ਨੇ ਇਨ੍ਹਾਂ ਦਲਿਤਾਂ ਨੂੰ ਇਸ ਲਾਇਕ ਹੀ ਨਹੀ ਸਮਝਿਆ ਕਿ ਉਹ ਵੀ ਉਨ੍ਹਾਂ ਵਾਂਗ ਜ਼ਮੀਨ 'ਤੇ ਕਾਸ਼ਤ ਕਰਨ। ਇਸ ਟਕਰਾਅ ਨੇ ਵਰਣ ਵੰਡ ਦੇ ਕੌੜੇ ਸੱਚ ਨੂੰ ਦੁਨੀਆਂ ਸਾਹਮਣੇ ਬੇਪਰਦਾ ਕੀਤਾ ਸੀ। ਜ਼ਿਮੀਦਾਰਾਂ ਨੇ ਇਨ੍ਹਾਂ ਦਾ ਸਮਾਜਿਕ ਬਾਈਕਾਟ ਕਰਨ ਅਤੇ ਉਨ੍ਹਾਂ ਨੂੰ ਆਪਣੇ ਖੇਤਾਂ 'ਚ ਕੰਮ ਦੇਣ ਵਾਲੇ ਕਿਸਾਨ ਨੂੰ ਜੁਰਮਾਨੇ ਦਾ ਤੁਗ਼ਲਕੀ ਫ਼ੁਰਮਾਨ ਜਾਰੀ ਕਰ ਦਿੱਤਾ ਸੀ। ਅਬੋਹਰ ਕਾਂਡ ਦੀਆਂ ਖ਼ਬਰਾਂ ਦੀ ਸਿਆਹੀ ਅਜੇ ਸੁੱਕੀ ਵੀ ਨਹੀ ਸੀ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਜ਼ਿਮੀਦਾਰ ਕਿਸਾਨ ਨੇ ਆਪਣੇ ਸੀਰੀ ਤੇ ਉਸ ਦੀ ਧੀ ਨੂੰ ਸ਼ਰੇਆਮ ਤੇਜਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕੀਤਾ, ਉਸ ਮਜ਼ਦੂਰ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਉਸ ਦੀ ਗ਼ੁਲਾਮੀ ਕਰਨ ਤੋਂ ਇਨਕਾਰੀ ਸੀ। ਇਨ੍ਹਾਂ ਮਜ਼ਦੂਰਾਂ 'ਚੋਂ ਚੰਦ ਲੋਕਾਂ ਦਾ ਤਰੱਕੀ ਕਰਨਾ ਅਖੌਤੀ ਉੱਚੀ ਜਾਤ ਦੇ ਲੋਕਾਂ ਤੋਂ ਬਰਦਾਸ਼ਤ ਨਹੀ ਹੁੰਦਾ ਜਿਸ ਕਾਰਨ ਇਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ। ਜੋ ਦਲਿਤ ਤਰੱਕੀ ਕਰ ਜਾਂਦੇ ਹਨ ਉਹ ਆਪਣੇ ਆਪ ਨੂੰ ਮਜ਼ਦੂਰਾਂ ਤੋਂ ਵੱਖ ਕਰ ਲੈਂਦੇ ਹਨ ਜਿਸ ਕਾਰਨ ਇਨ੍ਹਾਂ ਦੇ ਜੀਵਨ ਪੱਧਰ 'ਚ ਕੋਈ ਵਰਨਣਯੋਗ ਤਬਦੀਲ਼ੀ ਲਿਆਉਣ ਦੀ ਕੋਸ਼ਿਸ਼ ਨਹੀ ਕਰਦਾ।
        ਹਾੜੀ ਸਾਉਣੀ ਸੀਜ਼ਨ ਦੌਰਾਨ ਇਨ੍ਹਾਂ ਮਜ਼ਦੂਰਾਂ ਦੀਆਂ ਉਜ਼ਰਤਾਂ ਨੂੰ ਲੈ ਕੇ ਹੰਗਾਮਾ ਖੜ੍ਹਾ ਕੀਤਾ ਜਾਂਦਾ ਹੈ, ਕਿਸਾਨ ਏਕਾ ਕਰਕੇ ਮਾਮੂਲੀ ਉਜ਼ਰਤਾਂ ਤੈਅ ਕਰ ਲੈਦੇਂ ਹਨ। ਅਨਪੜ੍ਹਤਾ ਅਤੇ ਲੇਬਰ ਕਾਨੂੰਨ ਪ੍ਰਤੀ ਅਗਿਆਨਤਾ ਕਾਰਨ ਇਹ ਘੱਟ ਦਿਹਾੜੀ 'ਤੇ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਹਨ। ਆਰਥਿਕ-ਸਮਾਜਿਕ ਦਬਾਅ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਵੀ ਉਜ਼ਰਤਾਂ ਦੇ ਘਟਾਅ ਲਈ ਜਿੰਮੇਵਾਰ ਹੈ। ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰ ਜ਼ਿਆਦਾਤਰ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਪੇਂਡੂ ਇਲਾਕਿਆਂ ਤੋਂ ਆਉਂਦੇ ਹਨ। ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ 'ਚ ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਸੰਖਿਆ ਹੈ ਜਿਸ ਵਿੱਚ ਪੱਕੇ ਅਤੇ ਮੌਸਮੀ ਮਜ਼ਦੂਰ ਹਨ। ਇਸੇ ਤਰਾਂ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਪ੍ਰਵਾਸੀ ਮਜ਼ਦੂਰਾਂ ਦੀ ਸੰਖਿਆ ਕਾਫੀ ਹੈ ਜੋ ਖੇਤੀਬਾੜੀ, ਉਦਯੋਗ ਅਤੇ ਹੋਰ ਖ਼ੇਤਰਾਂ 'ਚ ਸਰਗਰਮ ਹਨ ਅਤੇ ਘੱਟ ਉਜ਼ਰਤਾਂ 'ਤੇ ਖ਼ਤਰਨਾਕ ਥਾਵਾਂ ੳੱਤੇ ਕੰਮ ਕਰ ਰਹੇ ਹਨ। ਇਸੇ ਕਰਕੇ ਸੂਬੇ ਦੇ ਮਜ਼ਦੂਰਾਂ ਦੇ ਕਿੱਤੇ ਨੂੰ ਝਟਕਾ ਲੱਗਣਾ ਸੁਭਾਵਿਕ ਹੈ। ਸਿਹਤ, ਸਿੱਖਿਆ ਤੇ ਹੋਰ ਸਹੂਲਤਾਂ ਤੋਂ ਇਹ ਵਾਂਝੇ ਹੋ ਰਹੇ ਹਨ। ਗ਼ਰੀਬੀ ਅਤੇ ਬੀਮਾਰੀਆਂ ਦੀ ਪਕੜ ਦਿਨੋ-ਦਿਨ ਮਜਬੂਤ ਹੋ ਰਹੀ ਹੈ। ਪੰਜਾਬ ਦਾ ਮਾਲਵਾ ਇਲਾਕਾ ਕੈਂਸਰ ਅਤੇ ਕਾਲਾ ਪੀਲੀਆ ਤੋਂ ਪੀੜ੍ਹਿਤ ਹੈ। ਸੂਬੇ ਦੀ 95 ਫ਼ੀਸਦੀ ਪੇਂਡੂ ਦਲਿਤ ਆਬਾਦੀ ਪੀਣ ਵਾਲੇ ਸਾਫ ਪਾਣੀ ਤੋਂ ਵੰਚਿਤ ਹੈ, ਜਦ ਅਜੇ ਇਹ ਸਾਫ ਪਾਣੀ ਪੀਣ ਦੇ ਕਾਬਿਲ ਵੀ ਨਹੀ ਹੋਏ ਤਾਂ ਹੋਰ ਸਹੂਲਤਾਂ ਤਾਂ ਇਨ੍ਹਾਂ ਤੋਂ ਕੋਹਾਂ ਦੂਰ ਹੋਣਗੀਆਂ।
       ਇੱਕ ਆਰਥਿਕ ਸਰਵੇਖਣ ਅਨੁਸਾਰ ਪੇਂਡੂ ਰੁਜ਼ਗਾਰ 60 ਫ਼ੀਸਦੀ ਤੋਂ ਘਟ ਕੇ 57 ਫ਼ੀਸਦੀ ਰਹਿ ਗਿਆ ਹੈ।ਮਸ਼ੀਨੀਕਰਨ ਅਤੇ ਨਦੀਨ ਨਾਸ਼ਕਾਂ ਦੇ ਉਪਯੋਗ ਕਾਰਨ ਖੇਤੀ ਮਜ਼ਦੂਰੀ 122 ਦਿਨਾਂ ਤੋਂ ਘਟ ਕੇ 72 ਦਿਨ ਰਹਿ ਗਈ ਹੈ। 78 ਫ਼ੀਸਦੀ ਗ਼ੈਰ ਖੇਤੀ ਮਜ਼ਦੂਰ ਕੇਵਲ ਗਰਮੀ ਦੇ ਦਿਨਾਂ 'ਚ ਹੋਰਾਂ ਪਾਸਿਉ ਵਿਹਲੇ ਹੋਣ ਕਾਰਨ ਖੇਤਾਂ 'ਚ ਕੰਮ ਕਰਦੇ ਹਨ ਜੋ ਉਜ਼ਰਤਾਂ ਦੇ ਘਟਾਅ ਲਈ ਜ਼ਿੰਮੇਵਾਰ ਹਨ। ਪੰਜਾਬ 'ਚ ਹੋਈਆਂ ਕੁੱਲ ਖੁਦਕੁਸ਼ੀਆਂ 'ਚੋਂ 87 ਫ਼ੀਸਦੀ ਖੁਦਕੁਸ਼ੀਆਂ ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਕੀਤੀਆਂ ਗਈਆਂ ਹਨ। 65 ਫ਼ੀਸਦੀ ਖੁਦਕੁਸ਼ੀਆਂ ਦਾ ਕਾਰਨ ਬੇਤਹਾਸ਼ਾ ਕਰਜ਼ਾ ਹੈ ਜੋ ਬੈਕਾਂ ਅਤੇ ਸ਼ਾਹੂਕਾਰਾਂ ਦਾ ਹੈ। ਜਿਆਦਾਤਰ ਮਜ਼ਦੂਰਾਂ ਦੇ ਸਿਰ ਇੱਕ ਲੱਖ ਰੁਪਏ ਤੋਂ ਜਿਆਦਾ ਕਰਜ਼ਾ ਹੈ ਜਿਸ ਦੀ ਵਾਪਸੀ ਅਜੋਕੇ ਹਾਲਾਤਾਂ 'ਚ ਅਸੰਭਵ ਹੈ ਜੋ ਆਤਮਹੱਤਿਆ ਦਾ ਅਹਿਮ ਕਾਰਨ ਹੈ। ਇਨ੍ਹਾਂ ਤੱਥਾਂ ਦੀ ਗਵਾਹੀ ਇਹ ਸਾਬਿਤ ਕਰਦੀ ਹੈ ਕਿ ਅਜੋਕੇ ਸਮੇ ਅੰਦਰ ਗ਼ੈਰ ਸੰਗਠਿਤ ਪੇਂਡੂ ਮਜ਼ਦੂਰਾਂ ਦੀ ਹਾਲਤ ਦਿਨੋ-ਦਿਨ ਨਿੱਘਰਦੀ ਜਾ ਰਹੀ ਹੈ।
       ਕੁਦਰਤੀ ਕਰੋਪੀਆਂ ਅਤੇ ਖੁਦਕੁਸ਼ੀਆਂ ਸਮੇਂ ਕਿਸਾਨਾਂ ਦੀ ਤਾਂ ਜ਼ਮੀਨ ਗਿਰਦਾਵਰੀ ਆਦਿ ਕਰਕੇ ਰਿਪੋਰਟ ਸਰਕਾਰੀ ਮਦਦ ਲਈ ਭੇਜੀ ਜਾਂਦੀ ਹੈ ਪਰ ਮਜ਼ਦੂਰਾਂ ਨਾਲ ਅਜਿਹਾ ਕੁਝ ਨਹੀਂ ਵਾਪਰਦਾ। ਇਸੇ ਕਰਕੇ ਉਹ ਮਦਦ ਤੋ ਵਾਂਝੇ ਰਹਿ ਜਾਂਦੇ ਹਨ। ਮਾਲ਼ੀ ਇਮਦਾਦ ਲਈ ਦਫ਼ਤਰਾਂ ਦੇ ਚੱਕਰ ਕੱਟਦੇ ਅੱਧਮੋਏ ਹੋ ਜਾਂਦੇ ਹਨ। ਹੁਣ ਤੱਕ ਇਨ੍ਹਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਨੂੰ ਰਿਕਾਰਡ ਕਰਨ ਦੀ ਵੀ ਜਿਆਦਾ ਜ਼ਰੂਰਤ ਨਹੀਂ ਸਮਝੀ ਗਈ। ਕੌਮੀ ਅਪਰਾਧ ਰਿਕਾਰਡ ਬਿਊਰੋ ਨੇ ਵੀ ਪਹਿਲੀ ਵਾਰ ਸੰਨ 2014 ਵਿੱਚ ਦੇਸ਼ ਅੰਦਰ 6750 ਖੇਤ ਮਜ਼ਦੂਰਾਂ ਦੀ ਖੁਦਕੁਸ਼ੀ ਦਾ ਅੰਕੜਾ ਪੇਸ਼ ਕੀਤਾ ਸੀ। ਇਸ ਅਣਗੌਲੇਪਣ ਨੇ ਇਨ੍ਹਾਂ ਨੂੰ ਹੋਰ ਵੀ ਹਾਸ਼ੀਏ 'ਤੇ ਧੱਕਿਆ ਹੈ।
       ਨਿੱਜੀਕਰਨ ਦੀ ਮਾਰ ਹਰ ਵਰਗ 'ਤੇ ਭਾਰੀ ਹੈ ਜੋ ਸਰਕਾਰਾਂ ਦੀ ਕਾਰਪੋਰੇਟ ਘਰਾਣਿਆਂ ਦੀ ਮਜਬੂਤੀ ਲਈ ਚੁੱਕੇ ਕਦਮਾਂ ਦੀ ਗਵਾਹੀ ਭਰਦੀ ਹੈ। ਇਹ ਬੜੀ ਹਾਸੋਹੀਣੀ ਸਥਿਤੀ ਹੈ ਕਿ ਮਜ਼ਦੂਰ ਦੀ ਸਾਲਾਨਾ ਆਮਦਨ ਤਾਂ ਕੁਝ ਹਜ਼ਾਰ ਰੁਪਏ ਬਣਦੀ ਹੈ ਜੇਕਰ ਉਸ ਦਾ ਬੱਚਾ ਕਿਸੇ ਕਿੱਤਾਮੁਖੀ ਕੋਰਸ 'ਚ ਦਾਖ਼ਲੇ ਲਈ ਜਾਂਦਾ ਹੈ ਤਾਂ ਫੀਸ ਲੱਖਾਂ ਰੁਪਏ ਮੰਗੀ ਜਾਂਦੀ ਹੈ। ਕੀ ਉਸ ਦੇ ਬੱਚੇ ਲਈ ਕਿੱਤਾਮੁਖੀ ਸਿੱਖਿਆ ਜ਼ਰੂਰੀ ਨਹੀ ਹੈ ਜਾਂ ਉਸ ਬੱਚੇ ਨੂੰ ਡਾਕਟਰ, ਇੰਜੀਨੀਅਰ ਬਣਨ ਦਾ ਕੋਈ ਹੱਕ ਨਹੀ ਹੈ। ਇਸ ਤਰਾਂ ਦੇ ਹਾਲਾਤ ਦੇਖ ਕੇ ਇਤਿਹਾਸ ਦੇ ਉਹ ਪੰਨੇ ਚੇਤੇ ਆਉਂਦੇ ਹਨ ਜਦ ਇੱਕ ਖਾਸ ਵਰਗ ਨੇ ਸਿੱਖਿਆ ਨੂੰ ਆਪਣੇ ਕਬਜੇ 'ਚ ਲੈ ਲਿਆ ਸੀ, ਅਖੌਤੀ ਨੀਵੀਆਂ ਜਾਤਾਂ ਨੂੰ ਸਿੱਖਿਆ ਤੋਂ ਵਾਂਝੇ ਕਰਕੇ ਡੰਗਰ ਬਣਨ ਲਈ ਮਜਬੂਰ ਕਰ ਦਿੱਤਾ ਸੀ। ਇਨ੍ਹਾਂ ਨੂੰ ਮਿਲੇ ਰਾਂਖਵੇਕਰਨ ਦੀ ਸਹੂਲਤ ਜਨਰਲ ਵਰਗ ਨੂੰ ਬਹੁਤ ਚੁੱਭਦੀ ਹੈ ਤੇ ਹੋਰ ਸਰਕਾਰੀ ਸਹੂਲਤਾਂ ਤੋਂ ਵੀ ਉਹ ਲੋਕ ਔਖੇ ਹਨ ਕਿ ਸਰਕਾਰ ਇਨ੍ਹਾਂ ਨੂੰ ਸਭ ਕੁਝ ਲੁਟਾ ਰਹੀ ਹੈ। ਚੰਦ ਦਲਿਤਾਂ ਨੂੰ ਛੱਡਕੇ ਬਾਕੀ ਦਲਿਤ ਮਜ਼ਦੂਰਾਂ ਦੇ ਬੱਚੇ ਕਿਹੜਾ ਰਾਖਵੇਂਕਰਨ ਦੀ ਮਦਦ ਨਾਲ ਡੀ.ਸੀ ਲੱਗ ਗਏ ਹਨ। ਰਾਖਵੇਂਕਰਨ ਦਾ ਫਾਇਦਾ ਅਜੇ ਵੀ ਲੋੜਵੰਦਾਂ ਤੱਕ ਨਹੀ ਪਹੁੰਚਿਆ।
      ਅਜੋਕੀ ਖੇਤੀਬਾੜੀ 'ਚ ਮਸ਼ੀਨੀਕਰਨ ਚਾਹੇ ਕਿੰਨਾ ਵੀ ਹੋ ਗਿਆ ਹੈ ਪਰ ਪੇਂਡੂ ਖੇਤ ਮਜ਼ਦੂਰਾਂ ਦੇ ਬਣਦੇ ਯੋਗਦਾਨ ਤੋਂ ਵੀ ਮੁਨਕਰ ਨਹੀ ਹੋਇਆ ਜਾ ਸਕਦਾ। ਇਨ੍ਹਾਂ ਦੀ ਦਸ਼ਾ ਸੁਧਾਰਨ ਲਈ ਸਮਾਜ ਅਤੇ ਸਰਕਾਰਾਂ ਨੂੰ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਅਤੇ ਭਲਾਈ ਸਕੀਮਾਂ ਦਾ ਵਿਸਥਾਰ ਕਰਕੇ ਉਨ੍ਹਾਂ ਪ੍ਰਤੀ ਇਨ੍ਹਾਂ ਨੂੰ ਜਾਗਰੂਕ ਕੀਤਾ ਜਾਵੇ।  ਕੁਝ ਲੋਕਾਂ ਦੀ ਤਰੱਕੀ ਨੂੰ ਅਧਾਰ ਬਣਾ ਕੇ ਸਾਰਿਆਂ ਨੂੰ ਅਣਗੌਲਿਆ ਨਾ ਕੀਤਾ ਜਾਵੇ। ਖਾਸ ਕਰਕੇ ਤਰੱਕੀ ਪ੍ਰਾਪਤ ਮਜ਼ਦੂਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਪੱਛੜੇ ਭਰਾਵਾਂ ਦੀ ਬਿਹਤਰੀ ਲਈ ਸਾਰਥਿਕ ਕਦਮ ਚੁੱਕਣੇ ਚਾਹੀਦੇ ਹਨ। ਸਮਾਜ ਨੂੰ ਇਨ੍ਹਾਂ ਪ੍ਰਤੀ ਦੋਗਲੀ ਨੀਤੀ ਤਿਆਗਣੀ ਚਾਹੀਦੀ ਹੈ, ਉਨ੍ਹਾਂ ਦੀਆਂ ਆਰਥਿਕ, ਸਮਾਜਿਕ ਮਜਬੂਰੀਆਂ ਦਾ ਲਾਹਾ ਨਾ ਲਿਆ ਜਾਵੇ ਅਤੇ ਮਨੁੱਖਤਾ ਵਾਲਾ ਵਿਵਹਾਰ ਕੀਤਾ ਜਾਵੇ। ਇਤਿਹਾਸ ਗਵਾਹ ਰਿਹਾ ਹੈ ਕ੍ਰਾਂਤੀ ਦਾ ਆਗਾਜ਼ ਹਮੇਸ਼ਾਂ ਦੱਬੇ ਕੁਚਲੇ ਲੋਕਾਂ ਨੇ ਹੀ ਕੀਤਾ ਹੈ। ਵੱਡੀ ਗੱਲ ਮਜ਼ਦੂਰਾਂ ਨੂੰ ਸੰਗਠਿਤ ਅਤੇ ਆਪਣੇ ਹੱਕਾਂ ਪ੍ਰਤੀ ਲਾਮਬੰਦ ਹੋਣ ਦੀ ਲੋੜ ਹੈ। ਇਸੇ ਕਰਕੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਆਮ ਕਹਿੰਦੇ ਸਨ ਇਨਕਲਾਬ ਤੋਂ ਭਾਵ ਇੱਕ ਅਜਿਹੇ ਸਮਾਜੀ ਢਾਂਚੇ ਦੀ ਸਥਾਪਨਾ ਕਰਨੀ ਜਿਸ ਵਿੱਚ ਮਜ਼ਦੂਰ ਜਮਾਤ ਦੀ ਸਰਦਾਰੀ ਸਰਵ ਪ੍ਰਵਾਨਿਤ ਹੋਵੇ।
ਸੰਪਰਕ : 95173-96001
Email: gurtejsingh72783@gmail.com

ਬਚਪਨ ਦੀਆਂ ਮਸਤੀਆਂ - ਡਾ. ਗੁਰਤੇਜ ਸਿੰਘ

ਬਚਪਨ ਹਾਸੀਆਂ ਖੇਡੀਆਂ ਦਾ ਦੂਜਾ ਨਾਂ ਹੈ, ਜਦੋਂ ਅਸੀਂ ਦੁਨੀਆ ਦੀ ਚਕਾਚੌਂਧ ਤੋਂ ਮੁਕਤ ਹੁੰਦੇ ਹਾਂ। ਪਿੰਡ ’ਚ ਜੰਮੇ ਹੋਣ ਕਾਰਨ ਖੇਤ, ਦਰੱਖਤ, ਚੌਵੀ ਇੰਚੇ ਸਾਈਕਲ ਅਤੇ ਦੂਰਦਰਸ਼ਨ ਸਾਡੇ ਮਿੱਤਰ ਸਨ। ਖੇਤ ਮਾਪਿਆਂ ਨਾਲ ਕੰਮ ਕਰਵਾਉਂਦੇ, ਖੇਡਣ ਲਈ ਦਰੱਖਤਾਂ ’ਤੇ ਚੜ੍ਹਦੇ ਉਤਰਦੇ, ਚੌਵੀ ਇੰਚੇ ਸਾਈਕਲ ਨੂੰ ਚਲਾਉਣਾ ਸਿੱਖਣ ਲਈ ਸੁੱਖਣਾ ਸੁੱਖਦੇ। ਸਾਈਕਲ ਦੀ ਸੀਟ ’ਤੇ ਬੈਠ ਕੇ ਚਲਾਉਣ ਦੀ ਜਗ੍ਹਾ ਕੈਂਚੀ ਚਲਾਉਂਦੇ ਹੋਏ ਗਿੱਟੇ ਗੋਡੇ ਰਗੜਾਉਂਦੇ ਤੇ ਅਕਸਰ ਪੈਰ ਵਿੱਚ ਆਈ ਮੋਚ ਕਢਵਾਉਣ ਲਈ ਗੁਆਂਢ ’ਚ ਵਸਦੇ ਬਾਜ਼ੀਗਰਾਂ ਦੇ ਘਰਾਂ ’ਚ ਲੰਗੜਾਉਂਦੇ ਹੋਏ ਚੱਕਰ ਮਾਰਦੇ ਰਹਿੰਦੇ।
      ਸਾਡੇ ’ਚੋਂ ਕਈਆਂ ਨੇ ਸਾਈਕਲ ਚਲਾਉਣਾ ਸਿੱਖਦੇ ਸਮੇਂ ਬਾਹਾਂ ਵੀ ਤੁੜਵਾਈਆਂ ਸਨ। ਮਾੜੀ ਮੋਟੀ ਸੱਟ ਨੂੰ ਅਸੀਂ ਘਰਦਿਆਂ ਤੋਂ ਡਰਦੇ ਗੌਲ੍ਹਦੇ ਵੀ ਨਹੀਂ ਸੀ। ਬਸ ਮੋਚ ਕਢਵਾਉਣ ਅਤੇ ਮਾਪਿਆਂ ਦੀਆਂ ਝਿੜਕਾਂ ਤੋਂ ਬਚਣ ਦੇ ਚੱਕਰਾਂ ਵਿੱਚ ਹੀ ਕਦੋਂ ਰਗੜਾਂ ਤੇ ਮੋਚ ਠੀਕ ਹੋ ਜਾਂਦੀ ਸੀ ਪਤਾ ਹੀ ਨਹੀਂ ਚੱਲਦਾ ਸੀ। ਸਾਡੇ ਪੈਰ ਉਦੋਂ ਜ਼ਮੀਨ ਨਾਲ ਇੰਝ ਜੁੜੇ ਹੋਏ ਸਨ ਜਿਵੇ ਮਾਂ-ਪੁੱਤ ਦਾ ਰਿਸ਼ਤਾ ਹੋਵੇ ਜਿਸ ਕਰਕੇ ਪੈਰੀਂ ਜੁੱਤੀ-ਚੱਪਲ ਪਾਉਣੀ ਅਸੀਂ ਮੁਨਾਸਿਬ ਹੀ ਨਹੀਂ ਸਮਝਦੇ ਸੀ। ਨੰਗੇ ਪੈਰੀਂ ਹੀ ਖੇਤਾਂ ’ਚ ਕੰਮ ਕਰਨਾ, ਪਹਾੜੀ ਕਿੱਕਰਾਂ ਦੇ ਮਿੱਠੇ ਤੁੱਕੇ ਅਤੇ ਮਲ੍ਹਿਆਂ ਦੇ ਲਾਲ ਰੰਗ ਦੇ ਨਿੱਕੇ ਨਿੱਕੇ ਬੇਰ ਤੋੜਨ ਲਈ ਅਣਥੱੱਕ ਕੋਸ਼ਿਸ਼ਾਂ ਕਰਨਾ ਜਿਸ ਨਾਲ ਕਿੱਕਰ, ਮਲ੍ਹਿਆਂ ਦੇ ਕੰਡੇ ਪੈਰਾਂ ਵਿੱਚ ਵੱਜਣੇ ਸੁਭਾਵਿਕ ਹੀ ਸਨ। ਉਦੋਂ ਮਾਪੇ ਜਾਂ ਵੱਡੇ ਭੈਣ ਭਰਾ ਸਰਜਨ ਹੁੰਦੇ ਸਨ ਤੇ ਕੱਪੜੇ ਸੀਣ ਵਾਲੀ ਸੂਈ ਚੁੱਕ ਸ਼ੁਰੂ ਹੋ ਜਾਂਦੇ ਸਨ ਕੰਡਾ ਆਪ੍ਰੇਸ਼ਨ ਕਰਨ ਲਈ। ਮਿੱਠੇ-ਮਿੱਠੇ ਦਰਦ ਨਾਲ ਸੀ-ਸੀ, ਹਾਈ ਹਾਈ ਕਰੀ ਜਾਣਾ, ਨਾਲੋਂ ਨਾਲ ਘਰਦਿਆਂ ਤੋਂ ਗਾਲ੍ਹਾਂ ਦਾ ਪ੍ਰਸ਼ਾਦ ਮਿਲਦਾ ਸੀ। ਸਾਰਾ ਟੱਬਰ ਸਾਡੇ ਦੁਆਲੇ ਇੰਝ ਜੁੜਿਆ ਹੁੰਦਾ ਸੀ ਜਿਵੇੇਂ ਸੱਚੀ ਬਹੁਤ ਵੱਡੀ ਸਰਜਰੀ ਚੱਲ ਰਹੀ ਹੋਵੇ। ਮਾਹਿਰ ਡਾਕਟਰਾਂ ਵਾਂਗ ਉਨ੍ਹਾਂ ਦਿਨਾਂ ’ਚ ਕੰਡਾ ਕੱਢਣ ਦੇ ਮਾਹਿਰ ਪਿੰਡ ’ਚ ਹੁੰਦੇ ਸਨ, ਜਿਨ੍ਹਾਂ ਕੋਲ ਘਰ ਦੇ ਚੁੱਕ ਕੇ ਲੈ ਕੇ ਜਾਂਦੇ ਰਹੇ ਸਨ। ਕੰਡਾ ਡੂੰਘਾ ਹੋਣ ਜਾਂ ਫਿਰ ਨਜ਼ਰ ਨਾ ਪੈਣਾ ਤਾਂ ਕੰਡਾ ਮਾਹਿਰ ਉਸ ਜਗ੍ਹਾ ’ਤੇ ਗੁੜ ਗਰਮ ਕਰਕੇ ਵਿੱਚ ਥੋੜ੍ਹਾ ਜਿਹਾ ਨਮਕ ਪਾ ਕੇ ਬੰਨ੍ਹਣ ਦੀ ਹਦਾਇਤ ਕਰਦੇ ਸਨ ਤਾਂ ਜੋ ਮਾਸ ਨਰਮ ਹੋ ਕੇ ਕੰਡਾ ਉੱਪਰ ਆ ਜਾਵੇ ਤੇ ਆਸਾਨੀ ਨਾਲ ਕੱਢਿਆ ਜਾ ਸਕੇ।
ਦੂਰਦਰਸ਼ਨ ਦੇ ਸੀਰੀਅਲ ਜਿਵੇਂ ‘ਮੋਗਲੀ’ (ਜੰਗਲ ਬੁੱਕ), ‘ਸ਼ਕਤੀਮਾਨ’, ‘ਜੂਨੀਅਰ ਜੀ’, ‘ਟਿੰਬਾ ਰੂਚਾ’, ‘ਮਾਲਗੁਡੀ ਡੇਜ਼’, ‘ਸ੍ਰੀ ਕ੍ਰਿਸ਼ਨਾ’ ਆਦਿ ਮਨਭਾਉਂਦੇ ਸੀਰੀਅਲ ਸਨ ਜਿਨ੍ਹਾਂ ਦੀ ਬੇਸਬਰੀ ਨਾਲ ਉਡੀਕ ਹੁੰਦੀ ਸੀ। ਇਨ੍ਹਾਂ ਦੇ ਪ੍ਰਸਾਰਿਤ ਹੋਣ ਵੇਲੇ ਅਕਸਰ ਬੱਤੀ ਦਾ ਗੁੱਲ ਹੋ ਜਾਣਾ ਸਾਡੇ ਬਾਲ ਮਨਾਂ ਨੂੰ ਠੇਸ ਪਹੁੰਚਾਉਂਦਾ ਸੀ। ਸਕੂਲ, ਰਿਸ਼ਤੇਦਾਰੀਆਂ ਵਿੱਚ ਜਾ ਕੇ ਵੀ ਹਾਣ ਦੇ ਬੱਚਿਆਂ ਨਾਲ ਸੀਰੀਅਲਾਂ ਬਾਰੇ ਚਰਚਾ ਕਰਨੀ ਜਾਂ ਫਿਰ ਉਨ੍ਹਾਂ ਪਾਤਰਾਂ ਦੀ ਨਕਲ ਕਰਨੀ ਸਾਡੇ ਅਣਭੋਲ ਬਚਪਨ ਦੇ ਮਨੋਰੰਜਨ ਦਾ ਹਿੱਸਾ ਸੀ।
      ਲੱਕੜ ਦੇ ਨਿੱਕੇ ਜਿਹੇ ਡੰਡੇ ਨਾਲ ਸਾਈਕਲ ਦੇ ਪੁਰਾਣੇ ਟਾਇਰ ਨੂੰ ਭਜਾਈ ਫਿਰਨਾ ਤੇ ਅਹਿਸਾਸ ਚੇਤਕ ਸਕੂਟਰ ਜਾਂ ਰਾਜਦੂਤ ਮੋਟਰ ਸਾਈਕਲ ਦਾ ਲੈ ਕੇ ਮੂੰਹ ਨਾਲ ਆਵਾਜ਼ਾਂ ਕੱਢਦੇ ਰਹਿਣਾ। ਮੇਰਾ ਦੋਸਤ ਗੁਰਦੀਪ ਸਿੰਘ ਮੂੰਹ ਖੋਲ੍ਹੇ ਬਗੈਰ ਮੂੰ-ਮੂੰ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ ਹੁੰਦਾ ਸੀ। ਗਰਮੀਆਂ ਦੀ ਛੁੱਟੀਆਂ ਅਸੀਂ ਸਾਡੇ ਘਰ ਤੇ ਉਸ ਦੇ ਨਾਨਕੇ ਘਰ ਦੇ ਸਾਹਮਣੇ ਜੋ ਦਰੱਖਤ ਸਨ, ਉੱਥੇ ਬੋਹੜ ਦੀ ਠੰਢੀ ਛਾਂ ਵਿੱਚ ਤਾਸ਼ ਖੇਡਣੀ, ਕਾਗਜ਼ ਦੇ ਜਹਾਜ਼ ਬਣਾ ਉਡਾਉਣੇ, ਕਾਗਜ਼ਾਂ ਦੀਆਂ ਟਿਕਟਾਂ ਬਣਾ ਕੇ ਬੋਹੜ ਨੂੰ ਬੱਸ ਬਣਾ ਕੇ ਟਿਕਟਾਂ ਕੱਟਣੀਆਂ ਜਾਂ ਫਿਰ ਬੋਹੜ ਤੋਂ ਲਮਕੇ ਛੱਡ ਕੇ ਛਾਲਾਂ ਮਾਰੀ ਜਾਣੀਆਂ। ਮਾਪੇ ਡਾਂਟਦੇ ਰਹਿੰਦੇ, ਪਰ ਅਸੀਂ ਸਾਰਾ ਦਿਨ ਹਰਲ ਹਰਲ ਕਰੀ ਜਾਣਾ, ਜਾਂ ਫਿਰ ਸਾਰਾ ਦਿਨ ਘਰ ਨੇੜੇ ਵਗਦੀ ਕੱਸੀ ’ਚ ਨਹਾਈ ਜਾਣਾ ਤੇ ਘਰ ਆ ਕੇ ਨਿੰਬੂ, ਅੰਬ ਦੇ ਅਚਾਰ ਨਾਲ ਰੋਟੀਆਂ ਖਾਣੀਆਂ, ਜੋ ਬੇਹੱਦ ਸੁਆਦਲਾ ਭੋਜਨ ਸੀ। ਰਾਸ਼ਨ ਡਿਪੂ ’ਚੋਂ ਮਿਲੀ ਜਾਂ ਮਹਿਮਾਨਾਂ ਲਈ ਉਚੇਚੇ ਤੌਰ ’ਤੇ ਲਿਆਂਦੀ ਖੰਡ (ਚੀਨੀ) ਨਾਲ ਰੋਟੀ ਖਾਣ ਦਾ ਆਪਣਾ ਹੀ ਸਵਾਦ ਹੁੰਦਾ ਸੀ।
       ਮੀਂਹ ਆਉਣਾ ਤਾਂ ਉਸ ਵਿੱਚ ਸ਼ੁਦਾਈਆਂ ਵਾਂਗ ਨਹਾਈ ਜਾਣਾ, ਮੀਂਹ ਦੇ ਪਾਣੀ ਨਾਲ ਨਹਾ ਕੇ ਗਰਮੀ ਨਾਲ ਹੋਈ ਪਿੱਤ ਜੋ ਹਟ ਜਾਂਦੀ ਸੀ, ਬਸ ਮੀਂਹ ਦਾ ਪਾਣੀ ਹੀ ਸਾਡੇ ਲਈ ਸਾਬਣ, ਡਰਮੀਕੂਲ ਜਾਂ ਨਾਈਸਲ ਪਾਊਡਰ ਸੀ। ਬਾਣ ਦੇ ਮੰਜੇ ’ਤੇ ਪਿੱਤ ਵਾਲਾ ਪਿੰਡਾ (ਸਰੀਰ) ਰਗੜ ਕੇ ਬੜੀ ਸ਼ਾਂਤੀ ਮਿਲਦੀ ਸੀ। ਜ਼ਿਆਦਾ ਬਾਰਸ਼ ਹੋਣ ਤੋਂ ਬਾਅਦ ਅਕਸਰ ਮੈਂ ਤੇ ਗੁਰਦੀਪ ਡੂੰਘੀ ਵਿਚਾਰ ਕਰਦੇ, ਜੇਕਰ ਹੜ੍ਹ ਆ ਗਏ ਤੇ ਆਪਾਂ ਡੁੱਬਣ ਲੱਗੇ ਤਾਂ ਕੀ ਕਰਾਂਗੇ? ਬਸ ਨੈਣਾ ਦੇਵੀ ਦੀਆਂ ਪਹਾੜੀਆਂ ਹੀ ਉਸ ਵੇਲੇ ਸਾਡੇ ਲਈ ਸੰਸਾਰ ਦੀ ਸਭ ਤੋਂ ਉੱਚੀ ਜਗ੍ਹਾ ਸੀ। ਸਾਨੂੰ ਜਾਪਦਾ ਸੀ ਕਿ ਜਿੱਥੇ ਪਾਣੀ ਦਾ ਪੁੱਜਣਾ ਨਾਮੁਮਕਿਨ ਹੈ। ਸਾਡੀ ਯੋਜਨਾ ਹੁੰਦੀ ਸੀ ਕਿ ਜੇਕਰ ਹੜ੍ਹ ਆ ਗਏ ਤੇ ਅਸੀਂ ਡੁੱਬਣ ਲੱਗੇ ਤਾਂ ਉੱਥੇ ਪਹਾੜੀਆਂ ’ਤੇ ਜਾ ਕੇ ਡੇਰੇ ਲਾ ਲਾਵਾਂਗੇ, ਪਰ ਉੱਥੇ ਪਹੁੰਚਣ ਦੇ ਸਾਧਨ ਤੋਂ ਅਸੀਂ ਅਣਜਾਣ ਸੀ। ਸਮੁੰਦਰ ਸਬੰਧੀ ਵੀ ਸਾਨੂੰ ਲੱਗਦਾ ਸੀ ਕਿ ਬੰਬੇ (ਮੁੰਬਈ) ਤੋਂ ਅੱਗੇ ਧਰਤੀ ਖਤਮ ਹੈ ਤੇ ਅੱਗੇ ਬਸ ਪਾਣੀ ਹੀ ਪਾਣੀ ਹੈ। ਬਚਪਨ ’ਚ ਸਾਡੇ ਇਸ ਭੂਗੋਲਿਕ ਗਿਆਨ ਨੂੰ ਯਾਦ ਕਰਕੇ ਹੁਣ ਅਸੀਂ ਅਕਸਰ ਹੱਸਦੇ ਹਾਂ ਤੇ ਮੇਰਾ ਹੁਣ ਤੱਕ ਨੈਣਾ ਦੇਵੀ ਨਾ ਜਾਣ ਦਾ ਕਾਰਨ ਸ਼ਾਇਦ ਸਾਡੇ ਖਿੱਤੇ ’ਚ ਅਜੇ ਤੱਕ ਹੜ੍ਹਾਂ ਦਾ ਨਾ ਆਉਣਾ ਹੈ।
ਸੰਪਰਕ : 95173-96001

ਖਿੰਡਾਵਾਂ ਤੇ ਭਟਕਣ ਦੇ ਦੌਰ 'ਚ ਸਫ਼ਲਤਾ ਦਾ ਸਫ਼ਰ - ਡਾ. ਗੁਰਤੇਜ ਸਿੰਘ

ਜ਼ਿੰਦਗੀ ਇੱਕ ਸਫ਼ਰ ਹੈ ਹਰ ਜੀਵਿਤ ਮਨੁੱਖ ਇਸ ਦਾ ਹਿੱਸਾ ਹੈ। ਇਸ ਦਾ ਆਗਾਜ਼ ਜਨਮ ਦੇ ਨਾਲ ਹੁੰਦਾ ਹੈ ਅਤੇ ਅੱਖਾਂ ਮੀਟਣ ਤੱਕ ਪ੍ਰਤੱਖ ਰੂਪ 'ਚ ਸੰਸਾਰ ਅੰਦਰ ਨਸ਼ਰ ਹੁੰਦਾ ਹੈ। ਸਫ਼ਰ ਅਤੇ ਟਹਿਲਣ ਵਿੱਚ ਇੰਨਾ ਕੁ ਹੀ ਫ਼ਰਕ ਹੈ, ਸਫ਼ਰ ਸਮੇ ਮਨੁੱਖ ਪੁਖ਼ਤਾ ਤਿਆਰੀ ਕਰਕੇ ਘਰੋਂ ਨਿੱਕਲਦਾ ਹੈ, ਟਹਿਲ਼ਣ ਸਮੇ ਇਹ ਸਭ ਜ਼ਰੂਰੀ ਨਹੀਂ ਹੁੰਦਾ। ਚਹਿਲ਼ ਕਦਮੀ ਕਦਮਾਂ ਨੂੰ ਤਾਂ ਚਾਹੇ ਤੰਦਰੁਸਤ ਬਣਾਉਣ ਦੇ ਸਮਰੱਥ ਹੁੰਦੀ ਹੀ ਹੈ, ਬਲਕਿ ਰਾਤ ਦਾ ਖਾਣਾ ਖਾ ਕੇ 100 ਕਦਮ ਚੱਲਣਾ ਪਾਚਨ ਤੰਤਰ ਨੂੰ ਵੀ ਸੁਧਾਰਦਾ ਹੈ ਪਰ ਵੱਖ ਵੱਖ ਜਗ੍ਹਾਵਾਂ ਦੀ ਯਾਤਰਾ ਮਨੁੱਖ ਦੇ ਗਿਆਨ ਨੂੰ ਅਸਮਾਨ ਦੀ ਉੱਚਾਈ ਦਿੰਦੀ ਹੈ, ਹੋਰਨਾਂ ਸੱਭਿਅਤਾਵਾਂ ਨੂੰ ਪਰਿਸਪਰ ਨੇੜਤਾ ਦਿੰਦੀ ਹੈ। ਦੋਵਾਂ ਹਾਲਾਤਾਂ ਵਿੱਚ ਸਰੀਰ ਅਤੇ ਮਨ ਨੂੰ ਉਸ ਦੀ ਲੋੜੀਂਦੀ ਖ਼ੁਰਾਕ ਮਿਲਦੀ ਹੈ ਜੋ ਤੰਦਰੁਸਤ ਜੀਵਨ ਦਾ ਸਬੱਬ ਹੋ ਨਿੱਬੜਦੀ ਹੈ। ਜੀਵਨ ਅਗਾਂਹਵਧੂ ਸੋਚ ਦਾ ਨਾਮ ਹੈ ਪਿੱਛਖਿੱਚੂ ਸੋਚ ਦੇ ਲੋਕ ਇਸ ਨਾਂਅ ਨਾਲ ਅਕਸਰ ਹੀ ਨਿਆਂ ਨਹੀਂ ਕਰ ਪਾਉਂਦੇ ਜਿਸ ਦਾ ਨਤੀਜਾ ਜੀਵਨ ਅਤੇ ਸੰਸਾਰ ਪ੍ਰਤੀ ਉਦਾਸੀਨਤਾ ਤੇ ਆਖ਼ਰ ਖ਼ੁਦਕੁਸ਼ੀ। ਸਫ਼ਰ ਦੌਰਾਨ ਮਨੁੱਖ ਨੂੰ ਮੰਜ਼ਿਲ 'ਤੇ ਪੁੱਜਣ ਦਾ ਚਾਅ ਤੇ ਭੈਅ ਹੁੰਦਾ ਹੈ ਜਿਸ ਕਰਕੇ ਉਹ ਓਪਰੇ ਰਾਹਾਂ ਦੀ ਨਵੀਨਤਾ ਨੂੰ ਨਹੀਂ ਮਾਣਦਾ ਹੈ ਤੇ ਮੰਜ਼ਿਲ 'ਤੇ ਪੁੱਜ ਕੇ ਇਨ੍ਹਾਂ ਰਾਹਾਂ ਨੂੰ ਯਾਦ ਕਰਕੇ ਭਾਵੁਕ ਹੁੰਦਾ ਹੈ। ਖਿੰਡਾਵਾਂ ਅਤੇ ਭਟਕਣ ਜਦੋਂ ਸਫ਼ਰ ਦੀ ਨੀਰਸਤਾ ਦਾ ਸਬੱਬ ਬਣ ਜਾਣ ਤਾਂ ਹਸੀਨ ਵਾਦੀਆਂ ਵੀ ਉਜਾੜ ਜਾਪਦੀਆਂ ਹਨ।
       ਜ਼ਿੰਦਗੀ 'ਚ ਅੱਗੇ ਵਧਣ ਲਈ ਕਈ ਵਾਰ ਆਸ-ਪਾਸ ਪਰ ਸਾਡੇ ਨਾਲ ਹੀ ਸਬੰਧਿਤ ਵਰਤਾਰਿਆਂ ਪ੍ਰਤੀ ਮੌਨ ਧਾਰਨਾ, ਅਣਗੌਲ੍ਹਿਆ ਕਰਨਾ ਲਾਜ਼ਮੀ ਹੋ ਜਾਂਦਾ ਹੈ, ਭਟਕਣ ਲੱਗਦਿਆਂ, ਧਿਆਨ ਭਟਕਦਿਆਂ ਹੀ ਰਸਤਾ ਹਾਸ਼ੀਏ 'ਚ ਤਬਦੀਲ ਹੋ ਜਾਂਦਾ ਹੈ। ਮੁੱਖ ਧਾਰਾ 'ਚ ਪਰਤਦੇ-ਪਰਤਦੇ ਬੜੀ ਦੇਰ ਹੋ ਜਾਂਦੀ ਹੈ।
ਪਿੱਛਲੱਗ ਲੋਕ ਅਜਿਹੇ ਵਰਤਾਰਿਆਂ ਦੇ ਅਕਸਰ ਸ਼ਿਕਾਰ ਹੋ ਜਾਂਦੇ ਹਨ ਤੇ ਸਫ਼ਰ ਦੀ ਰੌਚਕਤਾ ਦੇ ਖ਼ਾਤਮੇ ਦਾ ਸਬੱਬ ਹੋ ਨਿੱਬੜਦੇ ਹਨ। ਆਪਣਾ ਕਾਰਜ ਛੱਡ ਜੋ ਆਪਣੇ ਆਪ ਨੂੰ ਗਿਆਨ ਗੁਰੂ ਹੋਣ ਦਾ ਭਰਮ ਪਾਲ ਬੈਠਦੇ ਹਨ ਅਤੇ ਉਸ ਰਸਤੇ 'ਤੇ ਸਿਰਫ਼ ਟਹਿਲ਼ਣ ਆਏ ਲੋਕਾਂ ਨੂੰ ਆਪਣਾ ਹਮਸਫ਼ਰ ਸਮਝਣ ਦੀ ਭੁੱਲ ਕਰਦੇ ਹਨ, ਉਨ੍ਹਾਂ ਦਾ ਹਸ਼ਰ ਮਾੜਾ ਹੋਣੋ ਕੋਈ ਤਾਕਤ ਰੋਕ ਹੀ ਨਹੀ ਸਕਦੀ।
      ਸਫ਼ਰ ਹਮੇਸ਼ਾਂ ਚੁਕੰਨੇ ਹੋ ਕੇ ਕੀਤੇ ਜਾਦੇ ਹਨ, ਕਰਨੇ ਲਾਜ਼ਮੀ ਵੀ ਹਨ ਤੇ ਅਜਿਹੇ ਸਮੇ ਚੌਕਸ ਰਹਿਣਾ ਜ਼ਰੂਰੀ ਹੁੰਦਾ ਹੈ। ਜਦ ਤੁਹਾਡੇ ਹਾਲਾਤ ਸੁਖ਼ਦ ਨਾਂ ਹੋਣ ਉੱਪਰੋਂ ਕੀਮਤੀ ਸਮਾਨ ਕੋਲ ਹੋਵੇ ਤਾਂ ਹਰ ਪਲ ਜਾਗ਼ਰੂਕ ਰਹਿਣਾ ਹੀ ਸਮਝਦਾਰ ਮਨੁੱਖ ਦੀ ਨਿਸ਼ਾਨੀ ਹੁੰਦੀ ਹੈ। ਉਹ ਹਰ ਕੰਮ, ਆਹਾਰ-ਵਿਹਾਰ, ਲੋਕ-ਲਾਜ, ਆਦਤ ਆਦਿ ਦਾ ਤਿਆਗ ਲਾਜ਼ਮੀ ਹੈ ਜੋ ਸਾਨੂੰ ਸਾਡੇ ਰਸਤੇ ਤੋਂ ਭਟਕਣ ਲਈ ਮਜਬੂਰ ਕਰਦੇ ਹਨ। ਇਹ ਕੰਮ ਸੌਖਾ ਨਹੀਂ ਹੈ ਪਰ ਨਾਮੁਮਕਿਨ ਤਾਂ ਹਰਗਿਜ਼ ਨਹੀ ਹੈ। ਭਟਕਣ ਅਤੇ ਖਿੰਡਾਵਾਂ ਤਰੱਕੀ ਦੇ ਰਾਹ 'ਚ ਅੜਿੱਕਾ ਹਨ, ਇਨ੍ਹਾਂ ਦੇ ਕਾਰਕਾਂ ਜਿਵੇਂ ਕਿ ਪੁਰਾਣੇ ਤੇ ਘਟੀਆ ਵਿਚਾਰ, ਅਸੰਤੁਲਿਤ ਆਹਾਰ ਵਿਹਾਰ, ਅਨੁਸ਼ਾਸ਼ਨਹੀਣਤਾ ਆਦਿ ਦਾ ਤਿਆਗ ਲਾਜ਼ਮੀ ਹੈ। ਇਹ ਤਿਆਗ ਸਫ਼ਲ ਲੋਕਾਂ ਦੇ ਜੀਵਨ ਦਾ ਅਹਿਮ ਅੰਗ ਹੁੰਦਾ ਹੈ। ਨਿਰੰਤਰ ਵਿਕਾਸ ਹਿਤ ਪੱਤਝੜ ਦੌਰਾਨ ਦਰੱਖਤ ਆਪਣੇ ਮਹੱਤਵਪੂਰਨ ਅੰਗ ਪੁਰਾਣੇ ਪੱਤਿਆਂ ਦਾ ਤਿਆਗ ਕਰਦੇ ਹਨ ਤੇ ਨਵੀਨਤਾ ਨਾਲ ਅਸਮਾਨ ਵੱਲ ਰੁਖ਼ ਕਰਦੇ ਹਨ। ਕਣਕ ਦੇ ਨਾਜ਼ੁਕ ਪੌਦੇ ਤੋਂ ਸਵਾਦੀ ਪਕਵਾਨ ਬਣਨ ਲਈ ਧੁੱਪਾਂ ਛਾਵਾਂ, ਹੱਡ ਚੀਰਵੀਂ ਸਰਦੀ ਤੇ ਸਰੀਰ ਜਲਾਉਣ ਸਮਰੱਥ ਗਰਮੀ ਦਾ ਸਹਿਣ ਪੈਂਦਾ ਹੈ। ਮੌਕੇ ਦਾ ਸਹੀ ਇਸਤੇਮਾਲ ਹੀ ਸਫ਼ਲਤਾ ਦਾ ਸਬੱਬ ਹੋ ਨਿੱਬੜਦਾ ਹੈ। ਜੋ ਲੋਕ ਅਸਫ਼ਲ ਹੁੰਦੇ ਹਨ, ਕਈਆਂ ਨੂੰ ਮੌਕਾ ਨਹੀਂ ਮਿਲਦਾ। ਅਕਸਰ ਕਈਆਂ ਨੇ ਮਿਲੇ ਅਵਸਰ ਦਾ ਠੋਸ ਰਣਨੀਤੀ ਨਾਲ ਫਾਇਦਾ ਹੀ ਨਹੀਂ ਉਠਾਇਆ ਹੁੰਦਾ।
     ਸਫ਼ਰ ਦੌਰਾਨ ਜਿਆਦਾ ਸਮਾਨ ਝੰਜਟ ਹੀ ਸਹੇੜਦਾ ਹੈ ਜਿਸ ਦੀ ਸਾਂਭ ਸੰਭਾਲ ਹਮੇਸ਼ਾਂ ਧਿਆਨ ਭਟਕਾਉਂਦੀ ਹੈ। ਇਸ ਨਾਜ਼ੁਕ ਦੌਰ 'ਚ ਹਰ ਕਿਸੇ ਤੋਂ ਮਦਦ ਦੀ ਉਮੀਦ ਨਾਂ ਰੱਖ ਕੇ ਇਕੱਲੇ ਸੋਚ ਵਿਚਾਰ ਕੇ ਸਾਹਸ ਨਾਲ ਤੁਰਨ ਦੀ ਆਦਤ ਪਾਉ, ਤੇਜ਼ ਚੱਲੋਗੇ। ਯਾਤਰਾ ਦੌਰਾਨ ਜਿਆਦਾ ਸਮਾਨ ਅਤੇ ਭੀੜ੍ਹ ਦੇ ਝੰਜਟ ਤੋਂ ਮੁਕਤ ਰਹੋਗੇ। ਅੰਗਰੇਜ਼ ਚੰਦ ਕੱਪੜ੍ਹਿਆਂ 'ਚ ਵਿਸ਼ਵ ਘੁੰਮ ਲੈਦੇ ਹਨ ਤੇ ਅਸੀ ਭੂਆ ਕੋਲ ਜਾਂਦੇ ਸਮੇਂ ਵੀ ਸਮਾਨ ਦੇ ਝੋਲ੍ਹੇ ਭਰ ਤੁਰਦੇ ਹਾਂ।
      ਉਦੇਸ਼ ਹੌਂਸਲੇ ਨਾਲ ਮਿੱਥੇ ਜਾਂਦੇ ਹਨ, ਉੱਥੇ ਤੱਕ ਪਹੁੰਚਣ ਲਈ ਦ੍ਰਿੜ ਇੱਛਾ ਸ਼ਕਤੀ ਆਪਣਾ ਕਾਰਜ ਕਰਦੀ ਹੈ, ਜਦਕਿ ਇੱਛਾ ਦੀ ਪੂਰਤੀ ਹਿਤ ਸਿਰਫ ਕਾਮਨਾ ਕੀਤੀ ਜਾਂਦੀ ਹੈ ਜੋ ਅਧੂਰੀਆਂ ਸੱਧਰਾ ਦਾ ਸਬੱਬ ਹੋ ਨਿੱਬੜਦੀ ਹੈ। ਸੰਘਰਸ਼ ਸਮੇ ਇਨਸਾਨ ਧਰਤੀ ਨਾਲ ਜੁੜਿਆ ਹੁੰਦਾ ਹੈ ਤੇ ਸਫ਼ਲਤਾ ਉਸਨੂੰ ਅਸਮਾਨ ਦੇ ਸਫ਼ਰ 'ਤੇ ਲੈ ਜਾਂਦੀ ਹੈ। ਸੰਘਰਸ਼ ਇਨਸਾਨ ਦੀ ਖ਼ੁਦ ਨਾਲ ਜੰਗ ਹੁੰਦੀ ਹੈ ਤੇ ਇਸ 'ਚ ਜਿੱਤ ਹਾਰ ਉਸ ਦੁਆਰਾ ਕੀਤੇ ਕਰਮ 'ਤੇ ਨਿਰਭਰ ਹੁੰਦੀ ਹੈ। ਜੋ ਲੋਕ ਰੋਜ਼ਾਨਾ ਖ਼ੁਦ ਨੂੰ ਬੀਤੇ ਕੱਲ੍ਹ ਤੋਂ ਬਿਹਤਰ ਬਣਾਉਣ ਦੀ ਕੋਸ਼ਿਸ਼ 'ਚ ਜੁਟਦੇ ਹਨ ਉਨ੍ਹਾਂ ਦੇ ਸਫ਼ਰ ਦੀ ਕਾਮਯਾਬੀ ਨਿਸ਼ਚਿਤ ਮੰਨੀ ਜਾ ਸਕਦੀ ਹੈ ਜੋ ਲੋਕ ਸਵੈਪੜਚੋਲ ਦਾ ਪੱਲਾ ਨਹੀ ਫੜਦੇ ਉਨ੍ਹਾਂ ਦਾ ਭਟਕਣਾ ਤੈਅ ਹੀ ਹੁੰਦਾ ਹੈ। ਜ਼ਿੰਦਗੀ 'ਚ ਉੱਚੇ ਮੁਕਾਮ ਹਾਸਿਲ ਕਰਨ ਲਈ ਵਾਧੂ ਜ਼ੋਰ ਲਗਾਉਣ ਦੀ ਲੋੜ ਨਹੀ ਹੁੰਦੀ, ਬਲਕਿ ਸਹੀ ਦਿਸ਼ਾ ਵਿੱਚ ਨਿਰੰਤਰ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ। ਇਹੀ ਲਗਾਤਾਰਤਾ ਧੀਮੀ ਗਤੀ ਵਾਲੇ ਕੱਛੂ ਦੇ ਮਿੱਥੀ ਮੰਜ਼ਿਲ 'ਤੇ ਪੁੱਜਣ ਦਾ ਸਬੱਬ ਹੋ ਨਿੱਬੜਦੀ ਹੈ। ਸਫ਼ਲਤਾ ਸਫ਼ਲ ਲੋਕਾਂ ਦੁਆਰਾ ਚੁੱਕੇ ਵੱਡੇ ਜੋਖ਼ਮਾਂ, ਤਿਆਗ, ਸੰਘਰਸ਼ ਅਤੇ ਲੋਕਾਂ ਦੇ ਦਿੱਤੇ ਮਿਹਣਿਆਂ ਦਾ ਸੰਖੇਪ ਰੂਪ ਹੁੰਦੀ ਹੈ।
       ਬਹੁਤ ਵਾਰ ਕਿਸੇ ਨੂੰ ਸਮਝਾਉਣ ਨਾਲੋਂ ਖੁਦ ਨੂੰ ਸਮਝਾਉਣ ਨਾਲ ਮੁਸ਼ਕਿਲਾਂ ਦੇ ਬਿਹਤਰ ਹੱਲ ਭਾਂਵੇ ਨਾ ਹੋਣ ਪਰ ਅੰਦਰੂਨੀ ਅਸ਼ਾਂਤੀ ਦਾ ਤੂਫਾਨ ਜ਼ਰੂਰ ਠੱਲ੍ਹ ਜਾਂਦਾ ਹੈ। ਖੁਦ ਨਾਲ ਬੈਠਣ ਦੀ ਆਦਤ ਸਵੈਤਸਦੀਕ ਦੇ ਰਾਹ ਤੋਰਦੀ ਹੈ ਤੇ ਰਾਤੀਂ ਸੌਣ ਤੋਂ ਪਹਿਲਾਂ ਬੀਤੇ ਦਿਨ ਦਾ ਕੀਤਾ ਗਿਆ ਵਿਸ਼ਲੇਸ਼ਣ ਤਜ਼ਰਬਾ ਬਣ ਕੇ ਮੁਸ਼ਕਿਲਾਂ ਦੇ ਹੱਲ 'ਚ ਸਹਾਈ ਸਿੱਧ ਹੁੰਦਾ ਹੈ। ਉਪਦੇਸ਼ਕ ਦੀ ਜਗ੍ਹਾ ਉਦਾਹਰਨ ਬਣੋ, ਸਿਰਫ ਸੋਚਣ, ਬੋਲਣ ਦੀ ਥਾਂ ਮਿੱਥੇ ਨਿਸ਼ਾਨੇ ਦਾ ਜੇਤੂ ਬਣਨ ਦੀ ਸਾਰਥਿਕ ਕੋਸ਼ਿਸ਼ ਕਰੋ। ਸੰਸਾਰ ਨੇ ਸਦਾ ਸਿਰਫ ਨਤੀਜਿਆਂ ਨੂੰ ਕਬੂਲਿਆ ਤੇ ਸਲਾਹਿਆ ਹੈ, ਸਫ਼ਰ ਦੌਰਾਨ ਆਈਆਂ ਅੜਚਣਾਂ ਤੇ ਕੋਸ਼ਿਸ਼ਾਂ ਨੂੰ ਤਾਂ ਹਰਗਿਜ਼ ਨਹੀ। ਸੀਮਤ ਸਾਧਨਾਂ ਦੇ ਬਾਵਜੂਦ ਜਿਸ ਕੋਲ ਚੁਣੌਤੀਆਂ ਨੂੰ ਸਵੀਕਾਰਨ ਦੀ ਸਮਰੱਥਾ ਹੈ, ਜੋਖ਼ਮ ਉਠਾਉਣ ਦਾ ਬਲ ਹੈ, ਨਿਰੰਤਰ ਮਿਹਨਤ ਕਰਨ ਦਾ ਨਿਸ਼ਚਾ ਹੈ। ਭਵਿੱਖ ਦੀ ਕੈਨਵਸ 'ਤੇ ਉਹ ਮਨੁੱਖ ਆਪਣੀ ਜਿੱਤ ਦੇ ਨਿਸ਼ਾਨ ਜ਼ਰੂਰ ਉਕੇਰਦਾ ਹੈ।
       ਸਫ਼ਰ ਦੌਰਾਨ ਸੰਜਮ ਲਾਜ਼ਮੀ ਹੈ, ਚੰਗਾ ਕੰਮ ਕਰਦੇ ਦੇਖ ਕੰਮਚੋਰ ਲੋਕ ਜਲਨ ਮਹਿਸੂਸ ਕਰਦੇ ਹਨ ਤੇ ਕੁਝ ਲੋਕ ਧਿਆਨ ਭਟਕਾਉਣ ਲਈ ਸਦਾ ਤਤਪਰ ਰਹਿੰਦੇ ਹਨ। ਉਨ੍ਹਾਂ ਦੇ ਭੜਕਾਊ ਬੋਲ ਗੁੱਸੇ ਨੂੰ ਚਰਮ ਸੀਮਾ 'ਤੇ ਪਹੁੰਚਾੳਣ ਦੇ ਸਮਰੱਥ ਹੁੰਦੇ ਹਨ। ਸਵੈ ਅਨੁਸ਼ਾਸ਼ਿਤ ਸੂਝਵਾਨ ਮਨੁੱਖ ਆਪਣੇ ਗੁੱਸੇ ਨੂੰ ਵੀ ਪੂੰਜੀ ਦੀ ਤਰਾਂ ਸਾਂਭਦੇ, ਵਿਉਂਤਦੇ ਤੇ ਖਰਚਦੇ ਹਨ। ਇਸ ਖਜ਼ਾਨੇ ਦੀ ਚਾਬੀ ਉਨ੍ਹਾਂ ਦੇ ਕੰਨਾਂ ਦੀ ਬਜਾਇ ਦਿਮਾਗ ਕੋਲ ਹੁੰਦੀ ਹੈ। ਵੈਸੇ ਵੀ ਦਿਮਾਗ 'ਚ ਅਗਰ ਕੁਝ ਭਰਨਾ ਹੀ ਹੈ ਤਾਂ ਸਕਾਰਤਮਕ ਨਜ਼ਰੀਏ ਨਾਲ ਲਬਰੇਜ਼ ਵਿਚਾਰ ਕਿਉਂ ਨਾ ਭਰੇ ਜਾਣ, ਜੋ ਦੁਨੀਆਂ ਨੂੰ ਹੋਰ ਚੰਗੇਰੀ ਬਣਾਉਣ, ਕਿਸੇ ਲਈ ਪ੍ਰੇਰਣਾ ਦਾ ਸ੍ਰੋਤ ਤੇ ਮਾਰਗ ਦਰਸ਼ਨ ਦਾ ਸਬੱਬ ਬਣਨ। ਹਰ ਮੰਜ਼ਿਲ ਦਾ ਕੋਈ ਨਾਇਕ ਜ਼ਰੂਰ ਹੁੰਦਾ ਹੈ ਜਿਸ ਤੋਂ ਪ੍ਰੇਰਣਾ ਲੈ ਕੇ ਸਫ਼ਰ ਨੂੰ ਮੁਕੰਮਲ ਕਰਨਾ ਹੁੰਦਾ ਹੈ। ਹਰ ਸਮਿਆਂ ਵਿੱਚ ਜਵਾਨੀ ਦਾ ਕੋਈ ਨਾ ਕੋਈ ਨਾਇਕ ਜ਼ਰੂਰ ਰਿਹਾ ਹੁੰਦਾ ਹੈ ਜਿਸ ਦਾ ਪ੍ਰਭਾਵ ਨੌਜਵਾਨੀ ਦੀ ਦਸ਼ਾ ਤੇ ਦਿਸ਼ਾ ਮਿੱਥਦਾ ਹੈ। ਜਿਸ ਜਵਾਨੀ ਦਾ ਨਾਇਕ ਸੁੱਘੜ, ਦੂਰਦਰਸ਼ੀ, ਤੇ ਚੁਣੌਤੀਆਂ ਸਵੀਕਾਰਨ ਵਾਲੇ ਗੁਣਾਂ ਨਾਲ ਲਬਰੇਜ਼ ਹੋਵੇ, ਉਹ ਇਤਿਹਾਸ ਦੇ ਸਫ਼ਿਆ 'ਚ ਵਰਨਣਯੋਗ ਬਣ ਉੱਭਰੀ ਹੈ। ਸੰਸਾਰ 'ਚ ਹੁਨਰ, ਮਿਹਨਤ ਤੇ ਚੰਗੇ ਵਿਵਹਾਰ ਨੇ ਆਪਣਾ ਲੋਹਾ ਸਦਾ ਮਨਵਾਇਆ ਹੈ। ਇਹ ਕਾਰਜ ਚਾਹੇ ਹੌਲ਼ੀ-ਹੌਲ਼ੀ ਵਾਪਰਦਾ ਹੈ ਪਰ ਇਸ ਦਾ ਪ੍ਰਭਾਵ ਸਥਾਈ ਹੁੰਦਾ ਹੈ। ਭਟਕਣਾ ਮਨੁੱਖੀ ਸੁਭਾਅ ਹੈ ਜਿਸ ਤੋਂ ਸ਼ਾਇਦ ਹੀ ਕੋਈ ਇਨਸਾਨ ਬਚ ਸਕਿਆ ਹੋਵੇ, ਜ਼ਿੰਦਗੀ ਦੇ ਕਿਸੇ ਮੋੜ 'ਤੇ ਭਟਕਣ ਦਾ ਕੋਈ ਸਬੱਬ ਸਾਰਿਆਂ ਨਾਲ ਲਾਜ਼ਮੀ ਜੁੜਦਾ ਹੈ। ਖਿੰਡਾਵਾਂ ਮਨ ਦੀ ਇਕਾਗ਼ਰਤਾ ਖਿੰਡਾਉਣ ਲਈ ਅਹਿਮ ਕਾਰਕ ਹੋ ਨਿੱਬੜਦੀਆਂ ਹਨ। ਇਹ ਹਰ ਦੌਰ 'ਚ ਮੌਜੂਦ ਹੁੰਦੀਆਂ ਹਨ ਤੇ ਹਰ ਮਨੁੱਖ ਇਨ੍ਹਾਂ ਦੇ ਸੰਪਰਕ ਵਿੱਚ ਲਾਜ਼ਮੀ ਆਉਂਦਾ ਹੈ। ਉਸ ਵੇਲੇ ਜ਼ਰੂਰਤ ਇਹ ਹੁੰਦੀ ਹੈ ਕਿ ਆਪਣੇ ਨਿਸ਼ਾਨੇ, ਹਾਲ਼ਾਤਾਂ ਨੂੰ ਸਨਮੁੱਖ ਰੱਖ ਕੇ ਆਪਣੀ ਮੰਜ਼ਿਲ ਵੱਲ ਵਧਦੇ ਜਾਣ ਦੀ, ਪੜ੍ਹਾਵਾਂ ਨੂੰ ਆਖ਼ਰੀ ਮੰਜ਼ਿਲ ਸਮਝਣ ਦੀ ਗ਼ੁਸਤਾਖ਼ੀ ਨਹੀ ਕਰਨੀ ਚਾਹੀਦੀ। ਬਲਕਿ ਪੜ੍ਹਾਅ ਅਤੇ ਮੰਜ਼ਿਲ ਦੇ ਫ਼ਰਕ ਨੂੰ ਉੱਚੀ ਅਵਸਥਾ ਦੇ ਪ੍ਰਭਾਵ ਅਤੇ ਜੀਵਨ ਜਾਚ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਡਾ. ਗੁਰਤੇਜ ਸਿੰਘ
ਪਿੰਡ ਤੇ ਡਾਕ. ਚੱਕ ਬਖਤੂ
ਤਹਿ.ਤੇ ਜ਼ਿਲ੍ਹਾ ਬਠਿੰਡਾ-151101
ਸੰਪਰਕ : 95173-96001
Email: gurtejsingh72783@gmail.com

ਆਖ਼ਰੀ, ਪਰ ਸਦੀਵੀਂ ਬੋਲ.. - ਡਾ. ਗੁਰਤੇਜ ਸਿੰਘ

ਸਿੱਖ ਕੌਮ ਦੇ ਮਹਾਨ ਕੀਰਤਨੀਏ, ਕੁਦਰਤ ਪ੍ਰੇਮੀ, ਰਾਗ ਆਧਾਰਿਤ ਗੁਰਮਤਿ ਸੰਗੀਤ ਦੇ ਮਹਾਂਰਥੀ ਅਤੇ ਉੱਘੇ ਸਮਾਜਿਕ ਚਿੰਤਕ ਭਾਈ ਨਿਰਮਲ ਸਿੰਘ ਖਾਲਸਾ ਦੇ ਦੋ ਅਪਰੈਲ 2020 ਨੂੰ ਹੋਏ ਦੇਹਾਂਤ ਨੇ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਸਾਰੀ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਨ੍ਹਾਂ ਦੇ ਕਰੋਨਾ ਪਾਜ਼ਿਟਿਵ ਹੋਣ ਦੀ ਪਹਿਲੀ ਅਪਰੈਲ ਨੂੰ ਆਈ ਖ਼ਬਰ ਨੇ ਮੇਰੀ ਚਿੰਤਾ ਵਧਾਈ ਸੀ। ਇਸ ਦੀ ਪੁਸ਼ਟੀ ਸਬੰਧੀ ਉਨ੍ਹਾਂ ਦੇ ਕਰੀਬੀ ਤੇ ਰਿਸ਼ਤੇਦਾਰ ਸ. ਸਹੋਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ ਖਾਲਸਾ ਜੀ ਦੀ ਗੰਭੀਰ ਹਾਲਤ ਬਾਰੇ ਗਹਿਰੀ ਚਿੰਤਾ ਪ੍ਰਗਟਾਈ ਸੀ। ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨਾਲ ਟੈਲੀਫੋਨ ’ਤੇ ਮੇਰੀ ਗੱਲ ਹੋਈ ਸੀ ਤੇ ਉਹ ਠੀਕ ਸਨ। ਉਂਝ ਵੀ ਵੱਟਸਐਪ ਦੇ ਜ਼ਰੀਏ ਸਾਲ 2019 ਦੇ ਸ਼ੁਰੂ ਤੋਂ 24 ਮਾਰਚ 2020 ਤੱਕ ਮੇਰੇ ਨਾਲ ਜੁੜੇ ਹੋਏ ਸਨ। ਹਰ ਰੋਜ਼ ਫਤਹਿ ਦੀ ਸਾਂਝ ਦੇ ਨਾਲ ਅਕਸਰ ਹੀ ਸਾਕਾਰਾਤਮਕ ਵਿਚਾਰ ਲਿਖਤੀ ਜਾਂ ਕਿਸੇ ਵੀਡਿਓ ਦੇ ਰੂਪ ’ਚ ਮੇਰੇ ਕੋਲ ਪੁੱਜਦੇ ਰਹੇ ਹਨ। ਵਿਦੇਸ਼ ਦੀ ਧਰਤੀ ’ਤੇ ਹੁੰਦਿਆਂ ਵੀ ਉਹ ਆਪਣੇ ਚਾਹੁਣ ਵਾਲਿਆਂ ਨਾਲ ਸਾਂਝ ਬਣਾਈ ਰੱਖਦੇ ਸਨ। ਕੁਦਰਤ ਨਾਲ ਵਿਚਰਦਿਆਂ ਆਪਣੀਆਂ ਤਸਵੀਰਾਂ ਤੇ ਵੀਡਿਓ ਵੀ ਮੇਰੇ ਤੱਕ ਪਹੁੰਚਾਉਂਦੇ ਰਹੇ ਸਨ ਜੋ ਉਨ੍ਹਾਂ ਦੇ ਕੁਦਰਤ ਪ੍ਰੇਮੀ ਹੋਣ ਦੀ ਗਵਾਹੀ ਭਰਦੀਆਂ ਹਨ। ਉਹ ਸਮਾਜ ਸੇਵੀ ਸੰਸਥਾ (ਡਾਇਨਾਮਿਕ ਗਰੁੱਪ ਆਫ ਰੰਘਰੇਟਾਜ਼, ਅੰਮ੍ਰਿਤਸਰ) ਦੇ ਸਰਪ੍ਰਸਤ ਸਨ। ਦਸੰਬਰ 2018 ਵਿੱਚ ਇਸ ਸੰਸਥਾ ਵੱਲੋਂ ਸੂਬੇ ਦੇ ਹੁਸ਼ਿਆਰ, ਲੋੜਵੰਦ ਅਤੇ ਕਿਸੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਕਮ ਦੇ ਨਾਲ ਕਿਤਾਬਾਂ ਦੇ ਸੈੱਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਮੈਂ ਵੀ ਤੁੱਛ ਪ੍ਰਾਪਤੀਆਂ ਕਰਕੇ ਉਨ੍ਹਾਂ ਦੇ ਕਰ ਕਮਲਾਂ ਨਾਲ ਸਨਮਾਨਿਤ ਹੋਇਆ ਜੋ ਮੇਰੇ ਲਈ ਸੁਭਾਗ ਦੀ ਗੱਲ ਹੈ। ਪਹਿਲੀ ਵਾਰ ਉਨ੍ਹਾਂ ਨਾਲ ਮੇਰੀ ਮੁਲਾਕਾਤ ਉਸੇ ਸਮਾਗਮ ’ਚ ਹੋਈ ਸੀ ਜੋ ਉਕਤ ਸੰਸਥਾ ਦੇ ਪ੍ਰਮੁੱਖ ਪ੍ਰਬੰਧਕ ਸ. ਸਹੋਤਾ ਨੇ ਕਰਵਾਈ ਸੀ। ਡਾਕਟਰੀ ਪੜ੍ਹਾਈ ਦੇ ਨਾਲ ਸਾਹਿਤ ਦੇ ਖੇਤਰ ਵਿੱਚ ਮੇਰਾ ਸਰਗਰਮ ਹੋਣਾ ਉਨ੍ਹਾਂ ਨੂੰ ਚੰਗਾ ਲੱਗਿਆ ਸੀ। ਉਨ੍ਹਾਂ ਮੈਨੂੰ ਕਲਾਵੇ ’ਚ ਲੈ ਕੇ ਪਿਆਰ ਦਿੱਤਾ ਸੀ। ਸਾਲ 2019 ਵਿੱਚ ਮੇਰਾ ਇੱਕ ਲੇਖ ਪੜ੍ਹ ਕੇ ਉਨ੍ਹਾਂ ਨੇ ਫੋਨ ਕੀਤਾ ਸੀ। ਸ਼ਾਇਦ ਉਸ ਸਮੇਂ ਉਹ ਜੈਪੁਰ ਸਨ। ਫ਼ਤਹਿ ਦੀ ਸਾਂਝ ਪਾ ਆਪਣੀ ਪਛਾਣ ਦੱਸਦਿਆਂ ਬੋਲੇ, ‘‘ਮੈਂ ਨਿਰਮਲ ਸਿੰਘ ਖਾਲਸਾ ਬੋਲ ਰਿਹਾ ਹਾਂ।’’ ਮੈਂ ਗੱਲ ਕੱਟਦਿਆਂ ਪੁੱਛਿਆ, ‘‘ਪਦਮ ਸ੍ਰੀ!’’ ਉਨ੍ਹਾਂ ਹੱਸਦਿਆਂ ਕਿਹਾ, ‘‘ਹਾਂ ਜੀ।’’ ਹਾਲ-ਚਾਲ ਪੁੱਛਣ ਤੋਂ ਬਾਅਦ ਮੇਰੇ ਨਾਲ ਲੇਖ ’ਤੇ ਚਰਚਾ ਕੀਤੀ ਜੋ ਤਕਰੀਬਨ ਪੰਦਰਾਂ ਵੀਹ ਮਿੰਟ ਚੱਲੀ। ਉਹ ਇੰਨੇ ਸਹਿਜ ਨਾਲ ਵਿਚਾਰ ਚਰਚਾ ਕਰ ਰਹੇ ਸਨ ਕਿ ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਮੈਨੂੰ ਲੰਮੇ ਵਕਫ਼ੇ ਤੋਂ ਜਾਣਦੇ ਹੋਣ। ਉਸ ਤੋਂ ਬਾਅਦ ਤਾਂ ਸਾਡੀ ਸਾਂਝ ਦਿਨੋ ਦਿਨ ਪੀਢੀ ਹੁੰਦੀ ਗਈ। ਅਕਸਰ ਉਹ ਗੱਲ ਕਰਦੇ ਹੋਏ ਆਪਣੇ ਅਤੀਤ ਦਾ ਵੇਰਵਾ ਦਿੰਦੇ ਸਨ ਕਿ ‘ਮੈਂ ਤਾਂ ਉਸ ਧਰਾਤਲ ਤੋਂ ਉੱਠਿਆ ਹਾਂ ਜਿੱਥੇ ਮੇਰੇ ਵਰਗੇ ਨੂੰ ਸਾਈਕਲ ਜੁੜਨ ਦੀ ਆਸ ਨਹੀਂ ਸੀ ਪਰ ਸ਼ਬਦ ਦੀ ਬਦੌਲਤ ਗੱਡੀਆਂ ਤੇ ਜਹਾਜ਼ਾਂ ਦੇ ਸਫ਼ਰ ਵੀ ਨਸੀਬ ਹੋਏ ਹਨ। ਲਗਭਗ 71 ਦੇਸ਼ਾਂ ’ਚ ਵਿਚਰਨ ਦਾ ਮੌਕਾ ਮਿਲਿਆ ਹੈ’। ਪੜ੍ਹਾਈ ਦੌਰਾਨ ਮੇਰੇ ਘਰ ਦੇ ਆਰਥਿਕ ਹਾਲਾਤ ਚੰਗੇ ਨਹੀਂ ਰਹੇ ਜਿਸ ਤੋਂ ਉਹ ਵਾਕਿਫ਼ ਸਨ। ਇਸ ਕਾਰਨ ਉਹ ਮੈਨੂੰ ਅਕਸਰ ਸਮਝਾਉਂਦੇ ਤੇ ਡਟ ਕੇ ਮਿਹਨਤ ਕਰਨ ਲਈ ਪ੍ਰੇਰਦੇ ਸਨ। ਪੜ੍ਹਾਈ ਪੂਰੀ ਹੋਣ ’ਤੇ ਇੱਕ ਨਾਮਵਰ ਹਸਪਤਾਲ ’ਚ ਮੇਰੀ ਨੌਕਰੀ ਲੱਗਣ ਦੀ ਖ਼ਬਰ ਸੁਣ ਕੇ ਉਹ ਬੜੇ ਖ਼ੁਸ਼ ਹੋਏ ਸਨ ਕਿ ਸਾਡਾ ਬੱਚਾ ਡਾਕਟਰ ਬਣ ਗਿਆ ਹੈ ਤੇ ਜਲਦੀ ਮਿਲਣ ਦਾ ਹੁੰਗਾਰਾ ਵੀ ਭਰਿਆ ਸੀ। ਇਹ ਸਬੱਬ ਇੱਕ ਸਮਾਗਮ ਵਿੱਚ ਬਣਿਆ ਸੀ ਜੋ ਆਖ਼ਰੀ ਹੋ ਨਿੱਬੜਿਆ ਤੇ ਕਿਸੇ ਨੂੰ ਚਿੱਤ ਚੇਤਾ ਤੱਕ ਨਹੀਂ ਸੀ ਕਿ ਉਹ ਇੰਝ ਸਰੀਰਕ ਪੱਖੋਂ ਸਾਡੇ ਸਭਨਾਂ ਤੋਂ ਦੂਰ ਚਲੇ ਜਾਣਗੇ।
ਸੋਲ੍ਹਾਂ ਫਰਵਰੀ 2020 ਨੂੰ ਅੰਮ੍ਰਿਤਸਰ ਵਿਖੇ ਸਾਡੀ ਸਮਾਜਿਕ ਸੰਸਥਾ ਨੇ ਸਿੱਖਿਆ ਸਬੰਧੀ ਇੱਕ ਸੈਮੀਨਾਰ ਕੀਤਾ ਜਿਸ ਦਾ ਉਦੇਸ਼ ਸਿੱਖਿਆ ਸਬੰਧੀ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ’ਤੇ ਚਰਚਾ ਕਰਨਾ ਤੇ ਇਨ੍ਹਾਂ ਦਾ ਹੱਲ ਤਲਾਸ਼ਣਾ ਸੀ। ਇਸ ਸਮਾਗਮ ਵਿੱਚ ਸਿੱਖਿਆ ਸ਼ਾਸਤਰੀ, ਅਧਿਆਪਕ, ਡਾਕਟਰ, ਆਈਪੀਐੱਸ ਅਧਿਕਾਰੀ ਤੇ ਵਿਦਿਆਰਥੀ ਪਹੁੰਚੇ ਸਨ। ਉਸ ਸਮਾਗਮ ਵਿੱਚ ਭਾਈ ਨਿਰਮਲ ਸਿੰਘ ਖਾਲਸਾ ਉਚੇਚੇ ਤੌਰ ’ਤੇ ਆਪਣੇ ਰਵਾਇਤੀ ਪਹਿਰਾਵੇ ’ਚ ਪਹੁੰਚੇ ਸਨ ਅਤੇ ਮੋਢੇ ’ਤੇ ਛੋਟਾ ਜਿਹਾ ਬਸਤਾ ਲਟਕਾਇਆ ਸੀ। ਮੈਂ ਉਸ ਸੈਮੀਨਾਰ ’ਚ ਮੰਚ ਸੰਚਾਲਕ ਸੀ। ਕੁਝ ਸਮੇਂ ਬਾਅਦ ਮੈਂ ਉਨ੍ਹਾਂ ਦਾ ਨਾਮ ਐਲਾਨਦਿਆਂ ਮੰਚ ’ਤੇ ਆ ਕੇ ਆਪਣੇ ਕੀਮਤੀ ਵਿਚਾਰ ਪੇਸ਼ ਕਰਨ ਲਈ ਕਿਹਾ। ਉਸ ਦਿਨ ਉਨ੍ਹਾਂ ਦਾ ਬੋਲਿਆ ਹਰ ਸ਼ਬਦ ਬੇਸ਼ਕੀਮਤੀ ਹੈ ਤੇ ਇੱਕ ਇੱਕ ਲਫ਼ਜ਼ ਸਾਂਭਣਯੋਗ ਹੈ। ਉਨ੍ਹਾਂ ਦੇ ਆਖ਼ਰੀ ਪਰ ਸਦੀਵੀਂ ਬੋਲ ਸਮੁੱਚੀ ਲੋਕਾਈ ਦਾ ਸਦਾ ਮਾਰਗਦਰਸ਼ਨ ਕਰਦੇ ਰਹਿਣਗੇ। ਉਸ ਸਮਾਗਮ ’ਚ ਮੌਜੂਦ ਇੱਕ ਦੋਸਤ ਨੇ ਉਨ੍ਹਾਂ ਦੀ ਤਕਰੀਰ ਦਾ ਕੁਝ ਹਿੱਸਾ ਰਿਕਾਰਡ ਵੀ ਕੀਤਾ ਸੀ ਜੋ ਉਨ੍ਹਾਂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋਇਆ। ਉਨ੍ਹਾਂ ਨੇ ਸਮਾਜ ਸੇਵਾ ਅਤੇ ਆਪਣੇ ਵੱਲੋਂ ਸਮਾਜ ਨੂੰ ਵਾਪਸ ਕਰਨ ਦੀ ਧਾਰਨਾ ’ਤੇ ਬਲ ਦਿੱਤਾ ਸੀ। ਉਨ੍ਹਾਂ ਦੇ ਭਾਸ਼ਣ ਦੇ ਬੋਲ ਕੁਝ ਇਉਂ ਸਨ: ‘‘ਇਹ ਜ਼ਰੂਰੀ ਨਹੀਂ ਕਿ ਕੋਈ ਵੱਡਾ ਅਫ਼ਸਰ ਜਾਂ ਅਮੀਰ ਹੀ ਸਮਾਜ ਸੇਵਾ ਕਰੇ। ਆਪਣੇ ਕੰਮ ਜ਼ਰੀਏ ਵੀ ਲੋਕਾਈ ਦੀ ਸੇਵਾ ਸੰਭਵ ਹੈ।’’ ਉਹ ਅਕਸਰ ਹੀ ਕਹਿੰਦੇ ਸਨ, ‘‘ਮੈਂ ਤਾਂ ਪੰਜਵੀਂ ਪਾਸ ਹਾਂ ਤੇ ਗ਼ਰੀਬੀ ਦੀ ਦਲ਼ਦਲ ’ਚੋਂ ਨਿਕਲ ਕੇ ਆਇਆ ਹਾਂ ਪਰ ਫਿਰ ਵੀ ਕੀਰਤਨ ਜਾਂ ਰਿਸ਼ਤੇ ਦੁਆਰਾ ਕਿੰਨੇ ਹੀ ਲੋਕਾਂ ਦਾ ਜੀਵਨ ਬਦਲਣ ਦੀ ਸਫ਼ਲ ਕੋਸ਼ਿਸ਼ ਕਰ ਚੁੱਕਿਆ ਹਾਂ। ਮੇਰੇ ਕੋਲ ਨਾ ਤਾਂ ਲਾਲ ਬੱਤੀ ਸੀ ਤੇ ਨਾ ਹੀ ਹਰਾ ਪੈੱਨ।’’ ਕਿਤਾਬਾਂ ਪੜ੍ਹਨ ਦਾ ਮੰਤਰ ਉਨ੍ਹਾਂ ਸਭਨਾਂ ਨੂੰ ਦਿੱਤਾ ਤੇ ਸ਼ਬਦ ਨੂੰ ਹੀ ਆਪਣੀ ਤਰੱਕੀ ਦਾ ਸਾਧਨ ਮੰਨਦੇ ਸਨ। ਹਿੰਮਤ ਕਰਨ ਤੇ ਤੁਰਨ ਨਾਲ ਹੀ ਪੈਂਡੇ ਨਿੱਬੜਦੇ ਹਨ। ਸੋ ਸਾਰਿਆਂ ਨੂੰ ਲੱਕ ਬੰਨ੍ਹ ਕੇ ਤੁਰਨ ਦਾ ਸੰਦੇਸ਼ ਦੇਣ ਦੇ ਨਾਲ ਇੱਕ ਦੂਜੇ ਦੀ ਮਦਦ ਕਰਨ ਅਤੇ ਲੱਤਾਂ ਨਾ ਖਿੱਚਣ ਲਈ ਪ੍ਰੇਰਿਆ ਸੀ। ਉਨ੍ਹਾਂ ਦੇ ਇਨ੍ਹਾਂ ਪ੍ਰੇਰਨਾਮਈ ਸ਼ਬਦਾਂ ਨੇ ਉੱਥੇ ਮੌਜੂਦ ਲੋਕਾਂ ਵਿੱਚ ਨਵੀਂ ਰੂਹ ਫੂਕ ਦਿੱਤੀ ਸੀ। ਤਕਰੀਰ ਖ਼ਤਮ ਹੋਣ ’ਤੇ ਹਾਲ ’ਚ ਤਾੜੀਆਂ ਦਾ ਹੜ੍ਹ ਆ ਗਿਆ ਸੀ।
ਸੰਪਰਕ : 95173-96001

ਵਿੱਦਿਅਕ ਅਦਾਰਿਆਂ 'ਚ ਵਿਤਕਰਾ ਤੇ ਦਲਿਤ  - ਡਾ. ਗੁਰਤੇਜ ਸਿੰਘ

ਦਲਿਤ ਵਿਦਿਆਰਥੀ ਸਦਾ ਵਿਤਕਰੇ ਦਾ ਸ਼ਿਕਾਰ ਰਹੇ ਹਨ ਜੋ ਹਰ ਜਗ੍ਹਾ ਕੀਤਾ ਜਾਂਦਾ ਹੈ। ਪੁਰਾਤਨ ਯੁੱਗ ਵਿੱਚ ਏਕਵਲਯ ਨੂੰ ਦਲਿਤ ਹੋਣ ਕਾਰਨ ਆਪਣਾ ਅੰਗੂਠਾ ਵੱਢ ਕੇ ਆਪਣੇ ਗੁਰੂ ਨੂੰ ਦੇਣਾ ਪਿਆ ਸੀ। ਅਗਰ ਉਹ ਸਵਰਨ ਜਾਤੀ ਦਾ ਹੁੰਦਾ ਤਾਂ ਸ਼ਾਇਦ ਕਿਸੇ ਦੀ ਵੀ ਉਸ ਨਾਲ ਅਜਿਹਾ ਸਲੂਕ ਕਰਨ ਦੀ ਹਿੰਮਤ ਨਹੀ ਪੈਣੀ ਸੀ। ਅਫ਼ਸੋਸ ਅਜਿਹੀ ਨੀਵੀਂ ਮਾਨਸਿਕਤਾ ਵਾਲੇ ਗੁਰੂ ਦੇ ਨਾਮ `ਤੇ ਭਾਰਤ ਸਰਕਾਰ ਨੇ ਇਨਾਮ ਸ਼ੁਰੂ ਕੀਤਾ ਹੋਇਆ ਹੈ। ਅਜੋਕੇ ਦੌਰ ਅੰਦਰ ਏਮਜ਼, ਆਈਆਈਟੀਜ਼ ਦੇ ਨਾਲ ਸਾਰੀਆਂ ਨਾਮੀ ਵਿੱਦਿਅਕ ਸੰਸਥਾਵਾਂ ਵਿੱਚ ਵਿਤਕਰਾ ਮੌਜੂਦ ਹੈ। ਇਸ ਤੋਂ ਸਾਫ ਜ਼ਾਹਿਰ ਹੈ ਕਿ ਅਸੀ ਭਾਰਤੀ ਇੰਨਾ ਪੜ੍ਹ ਲਿਖ ਕੇ ਵੀ ਆਪਣੀ ਸੌੜੀ ਮਾਨਸਿਕਤਾ ਨੂੰ ਨਹੀਂ ਤਿਆਗ ਸਕੇ ਹਾਂ।
      ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਅਧੀਨ ਚੱਲ ਰਹੇ ਗੁਰੂ ਰਾਮਦਾਸ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਕੋਰਸ ਦੀ ਇੰਟਰਨਸ਼ਿਪ ਕਰਦੀ ਲੜਕੀ ਨੂੰ ਆਪਣੇ ਦੋ ਪ੍ਰੋਫੈਸਰਾਂ ਅਤੇ ਸਾਥੀ ਡਾਕਟਰਾਂ ਦੁਆਰਾ ਜਾਤੀ ਵਿਤਕਰੇ ਤੋਂ ਤੰਗ ਆ ਕੇ ਬੀਤੀ ਅੱਠ ਮਾਰਚ 2023 ਨੂੰ ਆਪਣੇ ਹੋਸਟਲ ਦੇ ਕਮਰੇ ਵਿੱਚ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਮਜਬੂਰ ਹੋਣਾ ਪਿਆ ਉਹ ਵੀ ਉਸ ਦਿਨ ਜਦੋਂ ਸਮੁੱਚਾ ਸੰਸਾਰ ਕੌਮਾਂਤਰੀ ਔਰਤ ਦਿਵਸ ਮਨਾ ਰਿਹਾ ਸੀ।
       27 ਮਈ 2019 ਨੂੰ ਮੁੰਬਈ ਸੈਂਟਰਲ ਦੇ ਸਰਕਾਰੀ ਬੀ ਵਾਈ ਐੱਲ ਨਾਇਰ ਹਸਪਤਾਲ ਦੇ ਹੋਸਟਲ ਵਿੱਚ ਪੋਸਟ ਗ੍ਰੈਜੂਏਸ਼ਨ (ਗਾਇਨੀਕਾਲੌਜੀ) ਦੀ ਵਿਦਿਆਰਥਣ ਡਾ. ਪਾਇਲ ਸਲਮਾਨ ਤੜਵੀ ਨੇ ਆਪਣੀਆਂ ਉੱਚ ਜਾਤੀ ਦੀਆਂ ਸੀਨੀਅਰ ਤੇ ਕੁਲੀਗ ਡਾਕਟਰਾਂ ਦੀ ਜਾਤਪਾਤੀ ਟਿੱਪਣੀਆਂ ਤੋਂ ਤੰਗ ਆਕੇ ਖੁਦਕੁਸ਼ੀ ਕੀਤੀ ਸੀ। ਉਹ ਹਮੇਸ਼ਾਂ ਉਸ ਨੂੰ ਰਾਖਵੇਂਕਰਨ ਕਾਰਨ ਪੜ੍ਹਾਈ `ਚ ਮਿਲੇ ਮੌਕੇ ਦੇ ਤਾਅਨੇ ਦੇ ਕੇ ਉਸ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਸਨ ਜੋ ਉਸ ਲਈ ਅਸਹਿ ਸੀ। ਛੂਤਛਾਤ ਦਾ ਵਿਤਕਰਾ ਉਸ ਨਾਲ ਆਮ ਕੀਤਾ ਜਾਂਦਾ ਸੀ, ਇੱਥੋਂ ਤੱਕ ਕਿ ਉਸ ਨੂੰ ਅਖੌਤੀ ਉੱਚ ਜਾਤੀ ਦੇ ਮਰੀਜ਼ਾਂ ਨੂੰ ਛੂਹਣ ਤੋਂ ਵਰਜਿਆ ਜਾਂਦਾ ਸੀ। ਸੰਨ 2010 ਵਿੱਚ ਦਿੱਲੀ ਦੇ ਵਰਧਮਾਨ ਮੈਡੀਕਲ ਕਾਲਜ `ਚ 35 ਦਲਿਤ ਵਿਦਿਆਰਥੀਆਂ ਨੂੰ ਭੇਦਭਾਵ ਕਰਕੇ ਜਾਣਬੁੱਝ ਕੇ ਫ਼ੇਲ ਕੀਤਾ ਗਿਆ ਸੀ। ਸੰਨ 2008 ਵਿੱਚ ਦਲਿਤ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਇਸ ਭੇਦਭਾਵ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਸੀ। ਉਹ ਚੰਡੀਗੜ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਕੋਰਸ ਦੇ ਅਖ਼ੀਰਲੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ, ਉਸ ਦੇ ਕਮਿਊਨਟੀ ਮੈਡੀਸਨ ਦੇ ਤਿੰਨ ਪ੍ਰੋਫ਼ੈਸਰਾਂ ਨੇ ਉਸ ਨੂੰ ਉਸ ਵਿਸ਼ੇ `ਚ ਦੋ ਵਾਰ ਜ਼ਬਰੀ ਫ਼ੇਲ ਕੀਤਾ ਗਿਆ ਸੀ ਅਤੇ ਅੱਗੇ ਵੀ ਫ਼ੇਲ ਕਰਨ ਦੀ ਧਮਕੀ ਦਿੱਤੀ ਸੀ। ਉਸ ਦੀ ਖ਼ੁਦਕੁਸ਼ੀ ਦੇ 7 ਮਹੀਨਿਆਂ ਬਾਅਦ ਜਦ ਉਸ ਦੀਆਂ ਉੱਤਰ ਪੱਤਰੀਆਂ ਦਾ ਦੁਬਾਰਾ ਮੁਲਾਂਕਣ ਕੀਤਾ ਗਿਆ ਤਾਂ ਉਹ ਹਰ ਵਾਰ ਪਾਸ ਸੀ। ਅਜਿਹੀਆਂ ਅਣਗਿਣਤ ਮੰਦਭਾਗੀਆਂ ਘਟਨਾਵਾਂ ਸਾਡੀ ਸਿੱਖਿਆ ਪ੍ਰਣਾਲੀ ਦੇ ਨਾਲ ਸਮਾਜਿਕ ਚਿਹਰੇ ਮੋਹਰੇ ਨੂੰ ਕਰੂਪ ਕਰਦੀਆਂ ਹਨ।
      ਸੰਨ 2017 ਵਿੱਚ ਪੰਜਾਬ ਸੂਬੇ ਦੇ ਪਟਿਆਲਾ ਜ਼ਿਲ੍ਹੇ ਦੇ ਟੌਹੜਾ ਪਿੰਡ ਦੇ ਸਰਕਾਰੀ ਸਕੂਲ ਦੀ ਇੱਕ ਦਲਿਤ ਵਿਦਿਆਰਥਣ ਨਾਲ ਉੱਥੇ ਤਾਇਨਾਤ ਕੁਝ ਅਧਿਆਪਕਾਂ ਵੱਲੋਂ ਲੰਮੇ ਸਮੇ ਤੋਂ ਦੁਰਵਿਵਹਾਰ ਕਰਨ ਦੇ ਨਾਲ ਉਸ ਪ੍ਰਤੀ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਨੇ ਉਸ ਦੀ ਰੂਹ ਨੂੰ ਝੰਜੋੜ ਦਿੱਤਾ ਸੀ, ਜਿਸ ਦੇ ਖਿਲਾਫ਼ ਉਸ ਨੇ ਸੋਸ਼ਲ ਮੀਡੀਆ ਜਰੀਏ ਇਸ ਭੇਦਭਾਵ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਜੋ ਪੂਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣੀ ਸੀ। ਉਸ ਅਨੁਸਾਰ ਸਕੂਲ ਦੇ ਪੰਜ ਲੋਕ ਇਸ ਅਣਮਨੁੱਖੀ ਵਰਤਾਰੇ `ਚ ਸ਼ਾਮਿਲ ਸਨ। ਸਿੱਖਿਆ ਵਿਭਾਗ ਨੇ ਪੂਰੇ ਸਕੂਲ ਸਟਾਫ਼ ਨੂੰ ਬਦਲਣ ਦੇ ਨਿਰਦੇਸ਼ ਦਿੱਤੇ ਸਨ। ਇਸ ਹਾਲਤ `ਚ ਉਕਤ ਵਿਦਿਆਰਥਣ ਨੇ ਫਿਰ ਆਵਾਜ਼ ਬੁਲੰਦ ਕਰਨ ਦੀ ਵੱਡੀ ਜੁਅਰਤ ਦਿਖਾਈ ਸੀ ਕਿ ਦੋਸ਼ੀ ਸਾਰੇ ਨਹੀ ਹਨ ਫਿਰ ਬਾਕੀਆਂ ਨੂੰ ਸਜਾ ਕਿਉਂ ? ਸੋਚਣ ਦੀ ਗੱਲ ਹੈ ਅਜਿਹੀ ਗਿਰੀ ਹੋਈ ਸੋਚ ਦੇ ਮਾਲਕ ਲੋਕ ਅਧਿਆਪਕ ਕਿਵੇਂ ਹੋਏ। ਇਹ ਗੱਲ ਤਾਂ ਜਗ ਜ਼ਾਹਿਰ ਹੈ ਅਜੋਕੇ ਦੌਰ ਅੰਦਰ ਸਰਕਾਰੀ ਸਕੂਲਾਂ ਵਿੱਚ ਗਰੀਬ ਮਜ਼ਦੂਰਾਂ ਦੇ ਬੱਚੇ ਹੀ ਸਿੱਖਿਆ ਪ੍ਰਾਪਤ ਕਰ ਰਹੇ ਹਨ।
       ਦਿੱਲੀ ਦੀ ਇਹ ਯੂਨੀਵਰਸਿਟੀ (ਜੇ.ਐੱਨ.ਯੂ) ਪਿਛਲੇ ਲੰਮੇ ਸਮੇ ਤੋਂ ਮੀਡੀਆ ਦੀ ਸੁਰਖੀ ਬਣੀ ਹੋਈ ਸੀ, ਇੱਥੋਂ ਦੇ ਰਿਸਰਚ ਸਕਾਲਰ ਉਮਰ ਖਾਲਿਦ ਅਤੇ ਕਨ੍ਹੱਈਆ ਕੁਮਾਰ ਨੂੰ ਲੈ ਕੇ ਇਹ ਸੰਸਥਾ ਵਿਵਾਦਾਂ `ਚ ਰਹੀ ਹੈ।ਇਸ ਪੂਰੇ ਵਰਤਾਰੇ ਪਿੱਛੇ ਹਿੰਦੂਤਵੀ ਫਾਸ਼ੀਵਾਦੀ ਤਾਕਤਾਂ ਦਾ ਹੱਥ ਹੈ ਜਿਸ ਨੇ ਭੇਦਭਾਵ ਦੀ ਅਜਿਹੀ ਹਨੇਰੀ ਵਗਾ ਰੱਖੀ ਹੈ ਕਿ ਲੰਘੀ 12 ਮਾਰਚ 2017 ਨੂੰ ਜੇ.ਐੱਨ.ਯੂ. ਦੇ ਐੱਮ ਫ਼ਿਲ ਦੇ 27 ਸਾਲਾ ਦਲਿਤ ਵਿਦਿਆਰਥੀ ਕ੍ਰਿਸ਼ ਨੇ ਇਨ੍ਹਾਂ ਦੇ ਅੜੀਅਲ ਵਤੀਰੇ ਕਾਰਨ ਖੁਦਕੁਸ਼ੀ ਕੀਤੀ ਹੈ। ਇਹ ਆਤਮਹੱਤਿਆ ਪਹਿਲੀ ਨਹੀ ਹੈ ਤੇ ਸ਼ਾਇਦ ਆਖ਼ਰੀ ਵੀ ਨਹੀ ਹੋ ਸਕਦੀ, ਇਸ ਖੁਦਕੁਸ਼ੀ ਨੇ ਵਿਦਿਆਰਥੀਆਂ ਦੇ ਅੱਲੇ ਜ਼ਖਮ ਹਰੇ ਕਰ ਦਿੱਤੇ ਸਨ ਜੋ ਰੋਹਿਤ ਵੇਮੁਲਾ ਦੇ ਰੂਪ `ਚ ਮਿਲੇ ਸਨ। ਹੈਦਰਾਬਾਦ ਦੀ ਕੇਂਦਰੀ ਯੂਨੀਵਰਸਿਟੀ ਸੰਨ 2002 ਵਿੱਚ 10 ਦਲਿਤ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਮੁਅੱਤਲ ਕਰਕੇ ਚਰਚਾ `ਚ ਆਈ ਸੀ। ਪਿਛਲੇ ਦਸ ਸਾਲਾਂ ਦੌਰਾਨ ਇੱਥੇ 9 ਦਲਿਤ ਵਿਦਿਆਰਥੀ ਆਤਮਹੱਤਿਆ ਕਰ ਚੁੱਕੇ ਹਨ। ਬੀਤੀ 18 ਜਨਵਰੀ 2016 ਨੂੰ ਇੱਕ ਹੋਰ ਪ੍ਰਤਿਭਾਸ਼ਾਲੀ ਦਲਿਤ ਪੀਐਚਡੀ ਵਿਦਿਆਰਥੀ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਕਾਰਨ ਇੱਕ ਵਾਰ ਫਿਰ ਇਹ `ਵਰਸਿਟੀ ਚਰਚਾ `ਚ ਆਈ ਸੀ। ਜਾਤੀ ਭੇਦਭਾਵ ਨੇ ਉਸ ਨੂੰ ਇਸ ਹੱਦ ਤੱਕ ਦੁਖੀ ਕੀਤਾ ਸੀ ਕਿ ਉਸ ਦੀ ਫ਼ੈਲੋਸ਼ਿਪ ਰੋਕ ਦਿੱਤੀ ਗਈ ਉਸ ਨੂੰ ਯੂਨੀਵਰਸਿਟੀ ਕੈਂਪਸ `ਚੋਂ ਵੀ ਬਾਹਰ ਕੱਢ ਦਿੱਤਾ ਗਿਆ ਸੀ। ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਕਥਿਤ ਵਧੀਕੀਆਂ ਕਰਨ ਵਾਲਿਆਂ ਖਿਲਾਫ਼ ਆਵਾਜ਼ ਬੁਲੰਦ ਕੀਤੀ ਸੀ। ਇਸ ਦੁਖਾਂਤ ਨੇ ਸਰਕਾਰ, ਯੂਨੀਵਰਸਿਟੀ ਪ੍ਰਸ਼ਾਸ਼ਨ ਦੇ ਨਾਲ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨੂੰ ਕਟਹਿਰੇ `ਚ ਖੜਾ ਕਰਨ ਦੇ ਨਾਲ ਸਮਾਜ ਨੂੰ ਵੀ ਗੰਭੀਰ ਸਵਾਲਾਂ ਨਾਲ ਲੱਦ ਦਿੱਤਾ ਸੀ।
        ਇਸੇ ਤਰਾਂ 14 ਜਨਵਰੀ 2020 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜਨੈੱਸ ਸਕੂਲ (ਯੂ.ਬੀ.ਐਸ) ਵਿਭਾਗ ਦੇ ਮੁਖੀ ਨੇ ਜਾਤੀਵਾਦੀ ਸੌੜੀ ਸੋਚ ਦਾ ਮੁਜ਼ਾਹਰਾ ਕਰਦਿਆਂ ਐਮਬੀਏ ਕੋਰਸ ਦੇ ਦੂਜੇ ਸਮੈਸਟਰ ਦੇ ਰਾਖਵੀਂ ਸ੍ਰੇਣੀ ਦੇ ਸਾਰੇ ਵਿਦਿਆਰਥੀਆਂ ਨੂੰ ਇੱਕੋ ਸੈਕਸ਼ਨ `ਚ ਕਰਨ ਦਾ ਹੁਕਮ ਸੁਣਾਇਆ ਸੀ ਜੋ ਵਿਤਕਰੇ ਦੀ ਮੂੰਹ ਬੋਲਦੀ ਤਸਵੀਰ ਹੈ। ਨਿਯਮਾਂ ਤਹਿਤ ਜਿਸਤ ਟਾਂਕ ਤਰੀਕੇ ਨਾਲ ਵਿਦਿਆਰਥੀਆਂ ਦੇ ਸੈਕਸ਼ਨ ਵੰਡੇ ਜਾਂਦੇ ਹਨ, ਫਿਰ ਵੀ ਉਕਤ ਮੁਖੀ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਅਤੇ ਮਨੁੱਖਤਾ ਨੂੰ ਛਿੱਕੇ ਟੰਗਣ ਵਿੱਚ ਕੋਈ ਕਸਰ ਨਹੀ ਛੱਡੀ ਜੋ ਬੇਹੱਦ ਸ਼ਰਮਨਾਕ ਹੈ।
        ਦਲਿਤ ਸੰਦਰਭ `ਚ ਮੀਡੀਆ ਦੀ ਭੂਮਿਕਾ ਬਾਰੇ ਬੁੱਧੀਜੀਵੀ ਵਰਗ ਚਿੰਤਤ ਹੈ ਕਿ ਉਸਨੇ ਦਲਿਤਾਂ ਦੇ ਮੁੱਦੇ `ਤੇ ਕਦੇ ਵੀ ਸੰਜੀਦਗੀ ਨਹੀ ਦਿਖਾਈ। ਆਂਧਰਾ ਪ੍ਰਦੇਸ਼ ਦੇ ਪ੍ਰਮੁੱਖ ਅਖ਼ਬਾਰਾਂ ਨੇ ਵੀ ਇਸ ਮੁੱਦੇ ਨੂੰ ਜਿਆਦਾ ਤਵੱਜੋਂ ਨਹੀ ਦਿੱਤੀ ਸੀ। ਕਿੰਨੇ ਲੰਮੇ ਸਮੇ ਤੋਂ ਇਹ ਮਾਮਲਾ ਚੱਲ ਰਿਹਾ ਸੀ ਪਰ ਉੱਥੋਂ ਦੇ ਅਤੇ ਕੌਮੀ ਮੀਡੀਆ ਨੇ ਇਸ ਮਸਲੇ `ਤੇ ਕੋਈ ਗੌਰ ਨਹੀ ਕੀਤੀ। ਜਦਕਿ ਸੋਸ਼ਲ ਮੀਡੀਆ ਨੇ ਇਸ ਮੁੱਦੇ ਨੂੰ ਉਠਾਇਆ ਸੀ। ਜਦੋ ਇੱਕ ਦਲਿਤ ਵਿਦਿਆਰਥੀ ਨੇ ਮਜਬੂਰ ਹੋਕੇ ਖੁਦਕੁਸ਼ੀ ਕਰ ਲਈ ਤਾਂ ਮੀਡੀਆ ਜਾਗਿਆ ਉਹ ਵੀ ਉੱਥੇ ਗਏ ਨੇਤਾਵਾਂ ਦੀ ਕਵਰੇਜ ਕਰਨ ਲਈ। ਦਲਿਤਾਂ ਦੇ ਮੁੱਦੇ ਅੱਖੋਂ ਪਰੋਖੇ ਕੀਤੇ ਜਾਦੇ ਹਨ ਜਿਸ ਦਾ ਕਾਰਨ ਮੀਡੀਆ `ਚ ਦਲਿਤਾਂ ਦੀ ਭਾਗੀਦਾਰੀ ਨਾਂ ਦੇ ਬਰਾਬਰ ਹੋਣਾ ਮੰਨਿਆ ਜਾ ਸਕਦਾ ਹੈ। ਮੀਡੀਆ ਹਮੇਸ਼ਾਂ ਉਦੋਂ ਹੀ ਹਰਕਤ `ਚ ਆਇਆ ਹੈ ਜਦ ਦਲਿਤ ਖੁਦਕੁਸ਼ੀਆਂ ਕਰਦੇ ਹਨ, ਉਨ੍ਹਾਂ ਦੇ ਘਰ ਜਲਾਏ ਜਾਂਦੇ ਹਨ ਜਾਂ ਦਲਿਤ ਔਰਤਾਂ ਦੁਰਾਚਾਰ ਦਾ ਸ਼ਿਕਾਰ ਹੁੰਦੀਆਂ ਹਨ। ਅਗਰ ਕਿਸੇ ਨੇ ਦਲਿਤਾਂ ਦੀ ਜ਼ਮੀਨੀ ਹਕੀਕਤ ਬਿਆਨਣ ਦੀ ਕੋਸ਼ਿਸ਼ ਕੀਤੀ ਤਾਂ ਮੀਡੀਆ ਨੇ ਉਸ ਨੂੰ ਕਬੂਲਿਆ ਹੀ ਨਹੀ ਸਗੋਂ ਭੜਕਾਊ ਕਹਿ ਕੇ ਮਨ੍ਹਾਂ ਕਰ ਦਿੱਤਾ।
       ਸਿੱਖਿਆ ਦੇ ਖੇਤਰ ਖਾਸ ਕਰਕੇ ਉਚੇਰੀ ਸਿੱਖਿਆ `ਚ ਦਲਿਤਾਂ ਦੀ ਪਹੁੰਚ ਬਹੁਤ ਘੱਟ ਹੈ। ਪਿਛਲੇ ਪੰਜ਼ਾਹ ਸਾਲਾਂ ਦੌਰਾਨ ਕਿੱਤਾਮੁਖੀ ਸਿੱਖਿਆ ਵਿੱਚ ਦਲਿਤਾਂ ਦੀ ਸ਼ਮੂਲੀਅਤ ਨਾਮਾਤਰ ਰਹੀ ਹੈ। ਦਲਿਤਾਂ ਦੇ ਉੱਥਾਨ ਲਈ ਸੰਵਿਧਾਨ `ਚ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ ਜੋ ਇੱਕ ਸਾਰਥਿਕ ਕਦਮ ਸੀ ਪਰ ਅਜੇ ਵੀ ਇਸ ਦਾ ਫਾਇਦਾ ਇਸਦੇ ਸਹੀ ਹੱਕਦਾਰਾਂ ਤੱਕ ਨਹੀ ਅੱਪੜਿਆ। ਰਾਖਵੇਂਕਰਨ ਕਾਰਨ ਲੋਕ ਇਨ੍ਹਾਂ ਨਾਲ ਈਰਖਾ ਕਰਦੇ ਹਨ ਤੇ ਉਨ੍ਹਾਂ ਨੂੰ ਨੀਚਾ ਦਿਖਾਉਣ ਲਈ ਹਰ ਹੀਲੇ ਵਰਤੇ ਜਾਂਦੇ ਹਨ। ਉਨ੍ਹਾਂ ਨੂੰ ਲੱਗਦਾ ਕਿ ਇਹ ਸਿਰਫ ਰਾਂਖਵੇਕਰਨ ਕਰਨ ਨਾਲ ਅੱਗੇ ਵੱਧਦੇ ਹਨ ਤੇ ਇਸ ਨੂੰ ਉਹ ਅਲਾਦੀਨ ਦਾ ਚਿਰਾਗ ਸਮਝਣ ਦਾ ਭਰਮ ਪਾਲੀ ਬੈਠੇ ਹਨ। ਇਸੇ ਕਰਕੇ ਹੁਣ ਅਖੌਤੀ ਉੱਚ ਜਾਤੀ ਦੇ ਲੋਕ ਵੀ ਆਪਣੇ ਲਈ ਰਾਖਵੇਂਕਰਨ ਦੀ ਮੰਗ ਕਰਨ ਲੱਗ ਪਏ ਹਨ ਜੋ ਬੇ-ਬੁਨਿਆਦ ਹੈ ਤੇ ਦਲਿਤਾਂ ਨੂੰ ਇਸ ਕਰਕੇ ਤ੍ਰਿਸਕਾਰਿਆ ਵੀ ਜਾ ਰਿਹਾ ਹੈ। ਹਰਿਆਣੇ ਦਾ ਜਾਟ ਅੰਦੋਲਨ ਇਸ ਦੀ ਮੂੰਹ ਬੋਲਦੀ ਤਸਵੀਰ ਹੈ, ਜਦਕਿ ਉਹ ਆਰਥਿਕ ਤੌਰ `ਤੇ ਮਜਬੂਤ ਹਨ ਅਤੇ ਹਰ ਖ਼ੇਤਰ ਵਿੱਚ ਆਮ ਲੋਕਾਂ ਨਾਲੋਂ ਅੱਗੇ ਹਨ। ਅੰਦੋਲਨ ਵਿੱਚ ਉਨ੍ਹਾਂ ਦਾ ਅਜੀਬ ਰੂਪ ਇਹ ਸੀ ਕਿ ਤਾਕਤ ਨਾਲ ਆਪਣੇ ਆਪ ਨੂੰ ਕਮਜ਼ੋਰ ਸਾਬਿਤ ਕਰਕੇ ਰਾਂਖਵੇਕਰਨ ਦਾ ਲਾਹਾ ਲੈਣ ਦੀ ਕੋਸ਼ਿਸ਼। ਉਸ ਤੋਂ ਜਿਆਦਾ ਮੂਰਥਲ਼ `ਚ ਪ੍ਰਦਰਸ਼ਨਕਾਰੀਆਂ ਦੁਆਰਾ ਔਰਤਾਂ ਨਾਲ ਜ਼ਬਰਦਸਤੀ ਕੀਤੀ ਗਈ ਜਿਸ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਸੀ। ਕਾਨਵੈਂਟ ਸਕੂਲਾਂ ਕਾਲਜਾਂ `ਚ ਪੜ੍ਹ ਕੇ ਮਹਿੰਗੀਆਂ ਕਾਰਾਂ `ਤੇ ਚੜ ਕੇ ਇਹ ਬੇਸ਼ਰਮ ਲੋਕ ਆਪਣੇ ਲਈ ਰਾਖਵੇਂਕਰਨ ਦੀ ਮੰਗ ਕਰਦੇ ਹਨ, ਪਰ ਦਲਿਤਾਂ ਨੂੰ ਅੱਖੋ ਪਰੋਖੇ ਕਰਨਾ ਹਰਗਿਜ਼ ਜਾਇਜ਼ ਨਹੀ ਹੈ।
       ਸਦੀਆਂ ਦੀ ਗ਼ੁਲਾਮੀ ਅਤੇ ਹੁਣ ਲੋਕਤੰਤਰ `ਚ ਸਮਾਨਤਾ ਦੇ ਅਧਾਰ ਦੀ ਗੱਲ ਕਰਕੇ ਇਨ੍ਹਾਂ ਦੇ ਇਸ ਹੱਕ ਤੋਂ ਵਾਂਝੇ ਕਰਨਾ ਕਿੰਨਾ ਕੁ ਜਾਇਜ਼ ਹੈ। ਇੱਕ ਵਾਰ ਇਨ੍ਹਾਂ ਨੂੰ ਸਮਾਜ ਆਪਣੇ ਬਰਾਬਰ ਆਉਣ ਦਾ ਮੌਕਾ ਤਾਂ ਦੇਵੇ ਫਿਰ ਇਹ ਖੁਦ ਵੀ ਰਾਖਵੇਂਕਰਨ ਤੋਂ ਇਨਕਾਰ ਕਰ ਦੇਣਗੇ, ਪਰ ਹੁਣ 90 ਫ਼ੀਸਦੀ ਦਲਿਤਾਂ ਨੂੰ ਇਸਦੀ ਜ਼ਰੂਰਤ ਹੈ ਜਿਸ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ। ਪਿੰਡਾਂ `ਚ ਰਹਿਣ ਵਾਲੇ ਦਲਿਤ ਮਜ਼ਦੂਰਾਂ ਲਈ ਤਾਂ ਅਜੇ ਹੋਰ ਵੀ ਬਹੁਤ ਕਰਨ ਦੀ ਲੋੜ ਹੈ। ਹੁਣ ਸੋਚਣ ਦੀ ਗੱਲ ਹੈ ਕਿ ਕਿਸ ਮੂੰਹ ਨਾਲ ਲੋਕ ਰਾਖਵਾਂਕਰਨ ਖਤਮ ਕਰਨ ਦੀ ਗੱਲ ਕਰ ਰਹੇ ਹਨ।
       ਇਨ੍ਹਾਂ ਤੱਥਾਂ ਦੀ ਮੌਜੂਦਗੀ ਵਿੱਦਿਅਕ ਅਦਾਰਿਆਂ `ਚ ਦਲਿਤ ਵਿਦਿਆਰਥੀਆਂ ਦੀ ਚਿੰਤਾਜਨਕ ਹਾਲਤ ਨੂੰ ਚੀਕ ਚੀਕ ਕੇ ਬਿਆਨ ਕਰਦੀ ਹੈ। ਕੋਈ ਵੀ ਇਨ੍ਹਾਂ ਦੀ ਬਾਂਹ ਫੜਨ ਵਾਲਾ ਨਜ਼ਰ ਨਹੀ ਆਉਂਦਾ। ਇਨ੍ਹਾਂ ਦੇ ਆਪਣੇ ਤਰੱਕੀ ਪ੍ਰਾਪਤ ਲੋਕ ਇਨ੍ਹਾਂ ਨੂੰ ਅਣਗੌਲ਼ਿਆ ਕਰ ਰਹੇ ਹਨ ਤੇ ਆਪਣੇ ਸੌੜੇ ਹਿਤਾਂ ਖਾਤਿਰ ਇਨ੍ਹਾਂ ਦੀਆਂ ਭਾਵਨਾਵਾਂ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ। ਰੋਹਿਤ ਵੇਮੁਲਾ ਮਾਮਲੇ ਦੀ ਅੰਦਰੂਨੀ ਸੱਚਾਈ ਇਹ ਵੀ ਹੈ ਕਿ ਜਦ ਪੰਜ ਵਿਦਿਆਰਥੀਆਂ ਨੂੰ ਸਜ਼ਾ ਦੇਣ ਦਾ ਮੌਕਾ ਸੀ ਤਾਂ ਦਲਿਤ ਅਫ਼ਸਰ ਨੂੰ ਅੱਗੇ ਕਰ ਦਿੱਤਾ ਗਿਆ ਸੀ। ਉਹ ਵੀ ਭਿ੍ਸ਼ਟ ਪ੍ਰਬੰਧ ਦਾ ਹਿੱਸਾ ਬਣ ਕੇ ਪੀੜਿਤ ਧਿਰ ਦੇ ਖਿਲਾਫ਼ ਭੁਗਤ ਗਿਆ ਸੀ। ਹੋਰਾਂ ਤੋਂ ਫਿਰ ਕੀ ਉਮੀਦ ਹੈ ਜਦ ਆਪਣੇ ਹੀ ਇਨ੍ਹਾਂ ਗੱਲਾਂ `ਤੇ ਉਤਰ ਆਏ ਹਨ। ਡਾ. ਅੰਬੇਡਕਰ ਦੇ ਉਹ ਬੋਲ ਅੱਜ ਵੀ ਅਟੱਲ ਹਨ ਕਿ ਮੈਨੂੰ ਮੇਰੇ ਵਰਗ ਦੇ ਹੀ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ ਹੈ। ਇਹ ਬਿਲਕੁਲ ਸੱਚ ਹੈ ਕਿ ਦਲਿਤਾਂ ਦੇ ਆਪਣੇ ਲੋਕ ਹੀ ਇਨ੍ਹਾਂ ਨੂੰ ਪਿੱਠ ਦਿਖਾ ਰਹੇ ਹਨ। ਵਿੱਦਿਅਕ ਅਦਾਰਿਆਂ `ਚ ਦਲਿਤ ਬੱਚਿਆਂ ਨਾਲ ਹੁੰਦੀਆਂ ਵਧੀਕੀਆਂ ਦੇ ਮਾਮਲੇ `ਚ ਉਹ ਇਨ੍ਹਾਂ ਦੇ ਹੱਕ `ਚ ਆਵਾਜ਼ ਬੁਲੰਦ ਨਹੀ ਕਰਦੇ। ਇਸ ਮੰਦਭਾਗੇ ਵਰਤਾਰੇ ਨੂੰ ਠੱਲਣ ਲਈ ਦਲਿਤ ਬੱਚੇ ਲਾਮਬੰਦ ਹੋਣ ਤੇ ਸਾਰੇ ਦਲਿਤਾਂ ਨੂੰ ਇੱਕ ਮੰਚ `ਤੇ ਇਕੱਠਾ ਹੋਣ ਦੀ ਲੋੜ ਹੈ। ਸਭ ਤੋ ਵੱਡੀ ਗੱਲ ਇਹ ਲੋਕ ਪ੍ਰੈਸ਼ਰ ਗਰੁੱਪ ਬਣਾਉਣ, ਜੋ ਵਧੀਕੀਆਂ ਖਿਲਾਫ਼ ਸੰਜੀਦਗੀ ਨਾਲ ਆਵਾਜ਼ ਬੁਲੰਦ ਕਰ ਸਕੇ। ਸਰਕਾਰਾਂ ਦੇ ਨਾਲ ਸਮਾਜ ਵੀ ਦੋਗਲੀ ਨੀਤੀ ਛੱਡ ਕੇ ਇਨ੍ਹਾਂ ਵੱਲ ਮਦਦ ਵਾਲਾ ਹੱਥ ਵਧਾਵੇ। ਜਨਰਲ ਵਰਗ ਨੂੰ ਇਨ੍ਹਾਂ ਪ੍ਰਤੀ ਸਾਰਥਿਕ ਸੋਚ ਅਪਣਾਉਣੀ ਚਾਹੀਦੀ ਹੈ। ਜਾਤ ਧਰਮ ਤੋਂ ਉੱਪਰ ਉੱਠ ਕੇ ਮਾਨਵਤਾ ਧਰਮ ਹਿਤ ਦਲਿਤ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਬਣਦਾ ਸਥਾਨ ਦਿਵਾਉਣ ਅਤੇ ਹੁੰਦੇ ਵਿਤਕਰੇ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਸੰਪਰਕ : 95173-96001

ਆਓ, ਸਮਾਜ ਨੂੰ ਵਾਪਸ ਦੇਣ ਦਾ ਸੰਕਲਪ ਲਈਏ -  ਡਾ. ਗੁਰਤੇਜ ਸਿੰਘ

ਆਓ, ਸਮਾਜ ਨੂੰ ਵਾਪਸ ਦੇਣ ਦਾ ਸੰਕਲਪ ਲਈਏ -  ਡਾ. ਗੁਰਤੇਜ ਸਿੰਘਆਓ, ਸਮਾਜ ਨੂੰ ਵਾਪਸ ਦੇਣ ਦਾ ਸੰਕਲਪ ਲਈਏ -  ਡਾ. ਗੁਰਤੇਜ ਸਿੰਘਨਵੇਂ ਵਰ੍ਹੇ ਨੇ ਸਾਡੀਆਂ ਬਰੂਹਾਂ ’ਤੇ ਦਸਤਕ ਦੇ ਦਿੱਤੀ ਹੈ ਤੇ ਆਏ ਮਹਿਮਾਨ ਦਾ ਸਵਾਗਤ ਕਰਨਾ ਸਾਡੀ ਸੰਸਕ੍ਰਿਤੀ ਹੈ। ਇਸ ਨਵੇਂ ਮਹਿਮਾਨ ਦੀ ਆਮਦ ਬਹੁਤ ਕੁਝ ਨਵਾਂ ਲੈ ਕੇ ਆਉਂਦੀ ਹੈ ਜਿਸ ਨੂੰ ਅਸੀਂ ਕਬੂਲਣਾ ਹੈ। ਨਵੀਂ ਚੀਜ਼ ਜੇਕਰ ਆਈ ਹੈ ਤਾਂ ਉਸ ਨੂੰ ਰੱਖਣ ਲਈ ਜਗ੍ਹਾ ਦੀ ਜ਼ਰੂਰਤ ਤਾਂ ਪੈਂਦੀ ਹੀ ਹੈ ਸੋ ਜਗ੍ਹਾ ਪ੍ਰਬੰਧ ਕਾਰਨ ਪੁਰਾਣੇ ਅਤੇ ਫਾਲਤੂ ਸਾਮਾਨ ਦੀ ਵਿਦਾਇਗੀ ਲਾਜ਼ਮੀ ਹੋ ਜਾਂਦੀ ਹੈ। ਨਵੀਆਂ ਉਮੰਗਾਂ ਤਰੰਗਾਂ ਰੂਪੀ ਮਹਿਮਾਨ ਨੇ ਬੜਾ ਕੁਝ ਨਵਾਂ ਦੇਣਾ ਹੈ, ਇਸ ਲਈ ਇਹ ਸੰਕਲਪ ਲਾਜ਼ਮੀ ਹੈ ਕਿ ਪੁਰਾਣੇ ਤੇ ਘਟੀਆ ਵਿਚਾਰਾਂ ਦਾ ਤਿਆਗ ਕੀਤਾ ਜਾਵੇ। ਨਵੀਨ ਅਤੇ ਵਿਗਿਆਨਕ ਸੋਚ ਨੂੰ ਅਪਣਾਇਆ ਜਾਵੇ।
ਨਵੇਂ ਵਰ੍ਹੇ ’ਤੇ ‘ਪੇਅਬੈਕ ਟੂ ਦਿ ਸੁਸਾਇਟੀ’ ਯਾਨੀ ਸਮਾਜ ਨੂੰ ਬਦਲੇ ਵਿੱਚ ਕੁਝ ਦੇਣ ਦਾ ਸੰਕਲਪ ਲਿਆ ਜਾਣਾ ਚਾਹੀਦਾ ਹੈ। ਇਸ ਦੇ ਸਬੰਧ ਵਿੱਚ ਸਾਲ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਸਹੀ ਰੂਪਰੇਖਾ ਉਲੀਕੀ ਜਾਵੇ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਦ੍ਰਿੜ ਸੰਕਲਪ ਲਿਆ ਜਾਵੇ। ਉਦੇਸ਼ ਤੋਂ ਬਿਨਾਂ ਜ਼ਿੰਦਗੀ ਖੜ੍ਹੇ ਪਾਣੀ ਵਾਂਗ ਹੁੰਦੀ ਹੈ ਜਿਸ ਵਿੱਚੋਂ ਬੋਅ ਮਾਰਨੀ ਸੁਭਾਵਿਕ ਹੈ। ਨਵੇਂ ਵਰ੍ਹੇ ’ਤੇ ਜ਼ਿੰਦਗੀ ਦਾ ਉਦੇਸ਼ ਮਿੱਥਿਆ ਜਾਵੇ ਤੇ ਆਪਣੀ ਪ੍ਰਤਿਭਾ ਨੂੰ ਪਛਾਣ ਕੇ ਉਦੇਸ਼ ਪ੍ਰਾਪਤੀ ਹਿਤ ਸਖ਼ਤ ਮਿਹਨਤ ਦਾ ਪੱਲਾ ਫੜਿਆ ਜਾਵੇ। ਨਿਸ਼ਾਨੇ ਮਿੱਥੇ ਬਿਨਾਂ ਮੰਜ਼ਿਲਾਂ ਸਰ ਨਹੀਂ ਹੁੰਦੀਆਂ ਅਤੇ ਮੰਜ਼ਿਲਾਂ ਸਰ ਕਰਨ ਲਈ ਦ੍ਰਿੜ ਹੌਸਲੇ ਦੀ ਜ਼ਰੂਰਤ ਹੁੰਦੀ ਹੈ। ਦ੍ਰਿੜ ਹੌਸਲਾ ਜ਼ਿੰਮੇਵਾਰੀਆਂ ’ਚੋਂ ਉਪਜਦਾ ਹੈ। ਜਿੰਨਾ ਕੋਈ ਇਨਸਾਨ ਜ਼ਿੰਮੇਵਾਰ ਹੋਵੇਗਾ, ਓਨਾ ਹੀ ਉਸ ਦਾ ਹੌਸਲਾ ਦ੍ਰਿੜ ਹੋਵੇਗਾ ਅਤੇ ਫ਼ੈਸਲਾ ਲੈਣ ਦੇ ਯੋਗ ਹੋਵੇਗਾ। ਹੁਣ ਉਹ ਸਮਾਂ ਆ ਹੀ ਗਿਆ ਹੈ ਜਦੋਂ ਅਸੀਂ ਆਪਣੇ ਸਮਾਜਿਕ ਫਰਜ਼ ਨੂੰ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਸਮਾਜ ਸੇਵਾ ਵੱਲ ਹੋ ਤੁਰੀਏ।
ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ 2017 ਵਿੱਚ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਲੋਕਾਈ ਨੂੰ ਦਿਆਲੂ ਬਣਨ ਲਈ ਪ੍ਰੇਰਿਆ ਸੀ। ਉਸ ਨੇ ਕਿਹਾ ਸੀ ਕਿ ਸਾਨੂੰ ਉੱਚ ਅਹੁਦਿਆਂ ’ਤੇ ਪਹੁੰਚ ਕੇ ਦੌਲਤ-ਸ਼ੁਹਰਤ ਨਾਲ ਲਬਰੇਜ਼ ਹੋ ਕੇ ਨਿਮਰਤਾ, ਦਿਆਲਤਾ ਦਾ ਪੱਲਾ ਕਦੇ ਵੀ ਛੱਡਣਾ ਨਹੀਂ ਚਾਹੀਦਾ। ਇਹ ਦੋਵੇਂ ਗੁਣ ਮਨੁੱਖ ਨੂੰ ਇਨਸਾਨ ਬਣਾਉਂਦੇ ਹਨ ਤੇ ਇਨਸਾਨੀਅਤ ਦੇ ਰਾਹ ’ਤੇ ਤੋਰਦੇ ਹਨ। ਉਸ ਨੇ ਦੂਜੀ ਗੱਲ ‘ਸਮਾਜ ਨੂੰ ਆਪਣੇ ਵੱਲੋਂ ਕੁਝ ਵਾਪਸ ਮੋੜਨ’ ਦੀ ਆਖੀ ਸੀ ਕਿ ਸਾਡੇ ਸਮਾਜ ਵਿੱਚ ਸਾਡੇ ਤੋਂ ਵੀ ਬੇਹੱਦ ਨੀਵੇਂ ਪੱਧਰ ’ਤੇ ਵੀ ਲੋਕ ਤੰਗੀਆਂ ਤੁਰਸ਼ੀਆਂ ਵਿੱਚ ਜੀਵਨ ਹੰਢਾਉਂਦੇ ਹਨ। ਉਨ੍ਹਾਂ ਦੇ ਦੁੱਖ ਦਰਦ ਨੂੰ ਘੱਟ ਕਰਨ ਲਈ ਉਨ੍ਹਾਂ ਵੱਲ ਮਦਦ ਦਾ ਹੱਥ ਵਧਾ ਕੇ ਅਸੀਂ ਸਮਾਜ ਨੂੰ ਕੁਝ ਵਾਪਸ ਕਰ ਸਕਦੇ ਹਾਂ ਤੇ ਸਾਨੂੰ ਸਭਨਾਂ ਨੂੰ ਇਹ ਲਾਜ਼ਮੀ ਆਪਣੇ ਪੱਧਰ ’ਤੇ ਕਰਨਾ ਚਾਹੀਦਾ ਹੈ। ਤੀਜੀ ਗੱਲ ਉਸ ਨੇ ਇਹ ਕਹੀ ਸੀ ਕਿ ਕਦੇ ਵੀ ਆਪਣੀਆਂ ਜੜ੍ਹਾਂ ਭਾਵ ਆਪਣੇ ਅਤੀਤ ਨੂੰ ਨਾ ਭੁੱਲੋ ਭਾਵ ਆਪਣੀ ਮਿਹਨਤ ਦੇ ਬਲਬੂਤੇ ’ਤੇ ਤਰੱਕੀਯਾਫ਼ਤਾ ਹੋ ਕੇ ਵੀ ਆਪਣੇ ਸਮਾਜ, ਭਾਈਚਾਰੇ ਨਾਲ ਜੁੜੇ ਰਹੋ, ਉਨ੍ਹਾਂ ਦੇ ਦੁੱਖ-ਸੁੱਖ ਦੇ ਸਾਥੀ ਬਣੋ।
ਸਾਡੇ ਗੁਰੂ ਸਾਹਿਬਾਨ ਨੇ ਸਮੁੱਚੀ ਮਨੁੱਖਤਾ ਨੂੰ ਕਿਰਤ ਕਰਨ ਅਤੇ ਵੰਡ ਛਕਣ ਦੇ ਪਵਿੱਤਰ ਸੰਦੇਸ਼ ਦੇ ਨਾਲ ਦਸਵੰਧ ਕੱਢਣ ਦੀ ਅਨੋਖੀ ਪਰੰਪਰਾ ਦੀ ਸ਼ੁਰੂਆਤ ਵੀ ਸਮਾਜ ਨੂੰ ਵਾਪਸ ਕੁਝ ਦੇਣ ਵਜੋਂ ਕੀਤੀ ਸੀ। ਇਸ ਪਾਵਨ ਪ੍ਰਥਾ ਨੂੰ ਸ਼ੁਰੂ ਕਰਨ ਪਿੱਛੇ ਸਮਾਜ ਦੇ ਤੰਗੀਆਂ ਤੁਰਸ਼ੀਆਂ ਵਾਲੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਹੀ ਸੀ ਜਿਸ ਨੇ ਸਰਬੱਤ ਦਾ ਭਲਾ ਮੰਗਣ ਦੇ ਉਸ ਦੌਰ ਵਿੱਚ ਸਿੱਧੇ-ਅਸਿੱਧੇ ਤੌਰ ’ਤੇ ‘ਪੇਅਬੈਕ ਟੂ ਦਿ ਸੁਸਾਇਟੀ’ ਦੀ ਵਡਮੁੱਲੀ ਧਾਰਨਾ ਦਾ ਮੁੱਢ ਬੰਨ੍ਹਿਆ ਸੀ।
ਜਦੋਂ ਸਮਾਜ ਸੇਵਾ ਦੀ ਗੱਲ ਤੁਰਦੀ ਹੈ ਤਾਂ ਤਨ, ਮਨ ਅਤੇ ਧਨ ਆਦਿ ਸੇਵਾ ਦੇ ਪ੍ਰਮੁੱਖ ਸਾਧਨ ਵਜੋਂ ਸਾਡੇ ਸਾਹਮਣੇ ਪ੍ਰਤੱਖ ਰੂਪ ਵਿੱਚ ਨਜ਼ਰ ਆਉਂਦੇ ਹਨ। ਇਨ੍ਹਾਂ ਤਿੰਨਾਂ ’ਚੋਂ ਇੱਕ ਦੀ ਗੈਰਹਾਜ਼ਰੀ ਵੀ ਸੇਵਾ ਦੇ ਮਿਸ਼ਨ ਨੂੰ ਅਧੂਰੇਪਣ ਦੇ ਖਲਾਅ ਵਿੱਚ ਧੱਕ ਸੁੱਟਦੀ ਹੈ। ਸਾਡੇ ਸਮਾਜ ਅੰਦਰ ਜਦੋਂ ਪੱਛੜਿਆਂ ਨੂੰ ਉੱਚਾ ਚੁੱਕਣ ਅਤੇ ਸਮਾਜਿਕ ਬਦਲਾਅ ਦੀ ਗੱਲ ਤੁਰਦੀ ਹੈ ਤਾਂ ਸਿਰਫ਼ ਸਰੀਰਕ ਜਾਂ ਮਾਨਸਿਕ ਯੋਗਦਾਨ ਨਾਲ ਕੁਝ ਵੀ ਵਰਣਨਯੋਗ ਨਹੀਂ ਵਾਪਰੇਗਾ। ਇਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਧਨ ਦੀ ਜ਼ਰੂਰਤ ਹਮੇਸ਼ਾਂ ਸੀ, ਹੈ ਤੇ ਰਹੇਗੀ। ਜਦੋਂ ਤੱਕ ਅਸੀਂ ਆਰਥਿਕ ਪੱਖੋਂ ਖੁਸ਼ਹਾਲ ਨਹੀਂ ਹੋਵਾਂਗੇ, ਉਦੋਂ ਤੱਕ ਸਮਾਜਿਕ, ਰਾਜਨੀਤਕ ਅਤੇ ਕਾਫ਼ੀ ਹੱਦ ਤੱਕ ਧਾਰਮਿਕ ਪੱਧਰ ’ਤੇ ਵੀ ਸਨਮਾਨਯੋਗ ਨਹੀਂ ਬਣ ਸਕਾਂਗੇ। ਆਪਣੇ ਲਈ ਪੈਸਾ ਕਮਾਉਣਾ ਚੰਗੀ ਗੱਲ ਹੈ, ਜੇਕਰ ਉਸ ਪੈਸੇ ਨਾਲ ਕਿਸੇ ਦਾ ਭਲਾ ਕਰ ਸਕੋ ਤਾਂ ਹੋਰ ਵੀ ਚੰਗੀ ਗੱਲ ਹੈ।
ਮਾਲਵਾ ਖੇਤਰ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ ਹਨ। ਜਗੀਰਦਾਰੀ ਸੋਚ ਨੇ ਅਜੇ ਵੀ ਦਲਿਤ ਭਾਈਚਾਰੇ ਨੂੰ ਉੱਚਾ ਉੱਠਣ ਨਹੀਂ ਦਿੱਤਾ। ਜਿਸ ਨੇ ਵੀ ਉੱਦਮ ਕੀਤਾ ਹੈ ਉਸ ਦੇ ਅਣਥੱਕ ਯਤਨਾਂ ਨੂੰ ਦਬਾਉਣ ਲਈ ਕਿਸੇ ਵੀ ਹੱਦ ਤੱਕ ਇਹ ਅਖੌਤੀ ਉੱਚ ਜਾਤੀ ਦੇ ਲੋਕ ਡਿੱਗ ਸਕਦੇ ਹਨ। ਉਸ ਦੀਆਂ ਅਣਗਿਣਤ ਦਰਦਨਾਕ ਕਹਾਣੀਆਂ ਹਨ। ਅਜਿਹੀਆਂ ਤੰਗੀਆਂ ਤੁਰਸ਼ੀਆਂ ਵਾਲੇ ਸਮਾਜ ਦਾ ਅਸੀਂ ਵੀ ਹਿੱਸਾ ਹਾਂ ਤੇ ਰਹਾਂਗੇ। ਸਾਡਾ ਵਜੂਦ ਆਪਣੇ ਭਾਈਚਾਰੇ ਨਾਲ ਹੀ ਹੈ।
ਮੁੱਕਦੀ ਗੱਲ ਅਸੀਂ ਸਾਰੇ ਨਵੇਂ ਸਾਲ ਦੀ ਆਮਦ ’ਤੇ ਆਪਣੀ ਸੋਚ ਨੂੰ ਨਵੇਂ ਆਯਾਮ ਦੇਈਏ ਕਿਉਂਕਿ ਸੋਚ ਬਦਲਣ ਨਾਲ ਹੀ ਜਹਾਨ ਬਦਲਦਾ ਹੈ। ਆਪਣੀ ਖੁੰਢੀ ਸੋਚ ਨੂੰ ਸਮਾਜ ਭਲਾਈ ਹਿਤ ਤਿੱਖੀ ਕਰੀਏ। ਹਰ ਪਾਸੇ ਫੈਲੀਆਂ ਬੁਰਾਈਆਂ ਦਾ ਅੰਤ ਸਾਡੀ ਸੋਚ ਕਰ ਸਕਦੀ ਹੈ। ਗੰਦੀ ਰਾਜਨੀਤੀ, ਔਰਤਾਂ ’ਤੇ ਹੁੰਦੇ ਅੱਤਿਆਚਾਰ, ਧਾਰਮਿਕ ਕੱਟੜਤਾ ਅਤੇ ਨਾਬਰਾਬਰਤਾ ਜਿਹੇ ਵਰਤਾਰੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਸਮਾਜ ਆਪਣਾ ਨਜ਼ਰੀਆ ਨਹੀਂ ਬਦਲਦਾ। ਜਦੋਂ ਨਵੇਂ ਵਰ੍ਹੇ ਨੂੰ ਗਲ਼ ਲਗਾਉਣ ਲਈ ਅਸੀਂ ਇੰਨੇ ਉਤਾਵਲੇ ਹਾਂ ਤਾਂ ਲਾਜ਼ਮੀ ਹੀ ਸਾਨੂੰ ਪੁਰਾਣੇ ਭੇਦਭਾਵ, ਗਿਲੇ ਸ਼ਿਕਵੇ ਤੇ ਬੁਰਾਈਆਂ ਨੂੰ ਤਿਆਗਣਾ ਚਾਹੀਦਾ ਹੈ। ਨਵੇਂ ਸਿਰਿਉਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਜੋ ਮਨੁੱਖਤਾ ਲਈ ਹਿਤਕਾਰੀ ਹੋਵੇਗੀ।
ਸੰਪਰਕ : 95173-96001